ਸਰਪੰਚ ਦੇ ਪਤੀ ਖ਼ਿਲਾਫ਼ ਦਰਜ ਐੱਫਆਈਆਰ ਦੇ ਰੋਸ ਵਜੋਂ ਬਸਪਾ ਵਰਕਰਾਂ ਨੇ ਘੇਰਿਆ ਥਾਣਾ ਰਾਵਲਪਿੰਡੀ ਪਿੰਡ ਰਾਮਪੁਰ ਸੁੰਨੜਾ ਦੀ ਸਰਪੰਚ ਦੇ ਪਤੀ ਖਿਲਾਫ ਦਰਜ ਐਫ.ਆਈ.ਆਰ. ਦੇ ਰੋਸ ਵਜੋਂ ਬਸਪਾ ਵਰਕਰਾਂ ਨੇ ਘੇਰਿਆ ਥਾਣਾ ਰਾਵਲਪਿੰਡੀ
Publish Date: Wed, 15 Jul 2026 06:45 PM (IST)
Updated Date: Wed, 15 Jul 2026 06:46 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਵੱਲੋਂ ਖਾਕੀ ਵਰਦੀ ਦੀਆਂ ਵਧੀਕੀਆਂ ਤੇ ਧੱਕੇਸ਼ਾਹੀ ਦੇ ਵਿਰੋਧ ’ਚ ਅੱਜ ਥਾਣਾ ਰਾਵਲਪਿੰਡੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਬਸਪਾ ਵਰਕਰਾਂ ਤੇ ਸਮਰਥਕਾਂ ਵੱਲੋਂ ਥਾਣੇ ਦੇ ਮੁੱਖ ਗੇਟ ਸਾਹਮਣੇ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰੀਬ ਤਿੰਨ ਘੰਟੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਰੋਧੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਲੇਖਰਾਜ ਜਮਾਲਪੁਰੀ, ਕੌਂਸਲਰ ਤੇ ਪ੍ਰਧਾਨ ਚਿਰੰਜੀ ਲਾਲ ਕਾਲਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸ਼ੇਰਗਿੱਲ, ਪਰਮਿੰਦਰ ਬੋਧ ਦਿਹਾਤੀ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਤੇ ਕੌਂਸਲਰ ਅਮਨਦੀਪ ਇੰਚਾਰਜ ਸ਼ਹਿਰੀ ਫਗਵਾੜਾ ਤੋਂ ਇਲਾਵਾ ਸੀਨੀਅਰ ਆਗੂ ਪਰਮਜੀਤ ਖਲਵਾੜਾ, ਸੁਰਿੰਦਰ ਢੰਡਾ, ਹਰਭਜਨ ਸੁਮਨ ਤੇ ਰਾਮ ਮੂਰਤੀ ਖੇੜਾ ਜਨਰਲ ਸਕੱਤਰ ਨੇ ਕਿਹਾ ਕਿ ਥਾਣਾ ਰਾਵਲਪਿੰਡੀ ਹਮੇਸ਼ਾ ਹੀ ਵਿਵਾਦਾਂ ’ਚ ਘਿਰਿਆ ਰਹਿੰਦਾ ਹੈ। ਇੱਥੋਂ ਦੀ ਪੁਲਿਸ ਫੋਰਸ ਸਿਆਸੀ ਆਕਾਵਾਂ ਦੇ ਦਬਾਅ ਹੇਠ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਦੀ ਹੈ ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਥਾਣੇ ਵਿੱਚ ਰੋਜ਼ਾਨਾ ਆਮ ਲੋਕ ਖੱਜਲ ਖੁਆਰ ਹੁੰਦੇ ਹਨ। ਅਫਸਰਾਂ ਵਲੋਂ ਪੀੜਤ ਧਿਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਦਰਖਾਸਤਾਂ ਦੀ ਪੜਤਾਲ ਨੂੰ ਬਿਨਾਂ ਵਜ੍ਹਾ ਲਮਕਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕੰਤਤਰ ’ਚ ਆਮ ਲੋਕਾਂ ਨੂੰ ਇਨਸਾਫ ਦੇਣਾ ਪੁਲਿਸ ਦੀ ਮੁਢਲੀ ਤਰਜੀਹ ਹੋਣੀ ਚਾਹੀਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਪੁਲਿਸ ਤੋਂ ਇਨਸਾਫ ਮੰਗਣ ਲਈ ਆਮ ਲੋਕਾਂ ਨੂੰ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਥਾਣਾ ਰਾਵਲਪਿੰਡੀ ਪੁਲਿਸ ਵਲੋਂ ਪਿੰਡ ਰਾਮਪੁਰ ਸੁੰਨੜਾ ਦੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਸਿਆਸੀ ਪ੍ਰਭਾਵ ਹੇਠ ਐਫ.ਆਈ.ਆਰ. ਦਰਜ ਕੀਤੀ ਗਈ ਹੈ ਜੋ ਕਿ ਬਿਲਕੁਲ ਝੂਠੀ ਅਤੇ ਬੇਬੁਨਿਯਾਦ ਹੈ। ਉਹਨਾਂ ਕਿਹਾ ਕਿ ਅੱਜ ਦਾ ਇਹ ਰੋਸ ਧਰਨਾ ਪੁਲਿਸ ਨੂੰ ਇਕ ਚਿਤਾਵਨੀ ਹੈ ਕਿ ਉਕਤ ਮਾਮਲੇ ਸਮੇਤ ਥਾਣਾ ਅਧੀਨ ਆਉਂਦੇ ਪਿੰਡਾਂ ਦੇ ਹੋਰਨਾਂ ਪੀੜਤ ਪਰਿਵਾਰਾਂ ਨੂੰ ਪੂਰਨ ਨਿਆਂ ਦਿੱਤਾ ਜਾਵੇ, ਨਹੀਂ ਤਾਂ ਬਸਪਾ ਲੋਕਾਂ ਨੂੰ ਇਨਸਾਫ ਦੁਆਉਣ ਲਈ ਵੱਡੀ ਪੱਧਰ ’ਤੇ ਸੰਘਰਸ਼ ਕਰੇਗੀ। ਉਹਨਾਂ ਖਾਸ ਤੌਰ ’ਤੇ ਸੱਤਾ ਧਿਰ ਦੇ ਹਲਕਾ ਇੰਚਾਰਜ ਡਾ. ਰਾਜਕੁਮਾਰ ਚੱਬੇਵਾਲ ਅਤੇ ‘ਆਪ’ ਆਗੂਆਂ ਨੂੰ ਤਾੜਨਾ ਕੀਤੀ ਕਿ ਸਿਆਸੀ ਰੰਜਿਸ਼ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਤੋਂ ਗੁਰੇਜ ਕਰਨ। ਬਸਪਾ ਦੇ ਸਰਪੰਚਾਂ, ਪੰਚਾਂ ਤੇ ਸਮਰਥਕਾਂ ਨੂੰ ਝੂਠੇ ਪਰਚਿਆਂ ਨਾਲ ਡਰਾਉਣ ਦੀ ਹਰਗਿਜ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਬਸਪਾ ਦੇ ਕ੍ਰਾਂਤੀਕਾਰੀ ਵਰਕਰ ਤੇ ਸਮਰਥਕ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਡਰਨ ਜਾਂ ਘਬਰਾਉਣ ਦੀ ਬਜਾਏ ਮੂੰਹ ਤੋੜਵਾਂ ਜਵਾਬ ਦੇਣਾ ਜਾਣਦੇ ਹਨ। ਇਸ ਧਰਨੇ ਕਾਰਨ ਹੁਸ਼ਿਆਰਪੁਰ ਰੋਡ ਦਾ ਟਰੈਫਿਕ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਅਤੇ ਭੱਖਦੀ ਗਰਮੀ ’ਚ ਵਾਹਨ ਚਾਲਕ ਅਤੇ ਰਾਹਗੀਰ ਪ੍ਰੇਸ਼ਾਨ ਹੋਏ। ਸੜਕ ਉੱਪਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਪਰ ਪੁਲਿਸ ਜਾਂ ਪ੍ਰਸ਼ਾਸਨ ਦਾ ਕੋਈ ਵੱਡਾ ਅਧਿਕਾਰੀ ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਕੇ ਧਰਨਾ ਚੁਕਵਾਉਣ ਲਈ ਨਹੀਂ ਪਹੁੰਚਿਆ। ਕਰੀਬ ਤਿੰਨ ਘੰਟੇ ਬਾਅਦ ਡੀਐੱਸਪੀ ਪਲਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਥਾਣੇ ਅਧੀਨ ਆਉਂਦੇ ਪਿੰਡਾਂ ਦੇ ਸਮੂਹ ਵਸਨੀਕਾਂ ਨੂੰ ਪੂਰਣ ਨਿਆ ਦੇਣ ਦੇ ਨਾਲ ਹੀ ਬਸਪਾ ਆਗੂਆਂ ਵਲੋਂ ਰਾਮਪੁਰ ਸੁੰਨੜਾ ਦੀ ਸਰਪੰਚ ਦੇ ਖਿਲਾਫ ਦਰਜ ਐੱਫਆਈਆਰ ਨੂੰ ਝੂਠਾ ਦੱਸਣ ਦੇ ਮਾਮਲੇ ਵਿੱਚ ਡੁੰਘਾਈ ਨਾਲ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਬਸਪਾ ਆਗੂਆਂ ਨੇ ਧਰਨਾ ਸਮਾਪਤ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਦੁਬਾਰਾ ਵੱਡੀ ਪੱਧਰ ’ਤੇ ਅੰਦੋਲਨ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਪਾਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਐਡਵੋਕੇਟ ਕੁਲਦੀਪ ਭੱਟੀ, ਅਮਰਜੀਤ ਖੁੱਤਣ, ਕੁਲਦੀਪ ਕੁਮਾਰ ਸਰਪੰਚ ਜਗਤਪੁਰ ਜੱਟਾਂ, ਚਰਨਜੀਤ ਚੱਕ ਹਕੀਮ, ਗੁਰਮੀਤ ਰਾਮਪੁਰ ਸੁੰਨੜਾ, ਸੰਤੋਖ ਢੰਡਾ, ਡਾ. ਅਮਰੀਕ ਪਾਂਸ਼ਟ, ਸੁਰਿੰਦਰ ਭਬਿਆਣਾ, ਸੁਰਿੰਦਰ ਰਾਵਲਪਿੰਡੀ, ਬੰਟੀ, ਸੰਦੀਪ ਅੰਬੇਡਕਰੀ ਯੂਥ ਆਗੂ, ਬੰਟੀ ਮੋਰਾਂਵਾਲੀ, ਜਰਨੈਲ ਸਿੰਘ ਨੰਬਰਦਾਰ ਰਾਮਪੁਰ ਸੁੰਨੜਾ, ਬੱਲੀ ਬਾਬਾ ਗਧੀਆ, ਵਿਸ਼ੰਭਰ ਦਾਸ ਭਬਿਆਣਾ, ਕਸ਼ਮੀਰਾ ਸਿੰਘ ਦਰਵੇਸ਼ ਪਿੰਡ, ਵਿਪਨ ਕੁਮਾਰ ਖਲਵਾੜਾ, ਰਾਜੇਸ਼ ਭਬਿਆਣਾ, ਬਲਦੇਵ ਗੁਲਾਬਗੜ੍ਹ, ਨਿਰਮਲ ਸਿੰਘ ਮਲਕਪੁਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।