- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਸਕਿਟਬਾਲ ਵਿੱਚ ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਖਿਡਾਰੀ ਰਹੇ ਜੇਤੂ

ਖਿਡਾਰੀਆਂ ਨੇ ਸੋਨੇ ਤੇ ਚਾਂਦੀ ਦੇ ਤਮਗੇ ਕੀਤੇ ਹਾਸਲ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਜ਼ੋਨਲ ਬਲਾਕ ਪੱਧਰੀ ਪੰਜਾਬ ਸਕੂਲ ਖੇਡਾਂ ਦੇ ਬਾਸਕਿਟਬਾਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਂ ਰੌਸ਼ਨ ਕੀਤਾ। ਇਹ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ, ਸੈਦਪੁਰ ਵਿਖੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਸਕੂਲ ਦੀ ਅੰਡਰ-19 ਲੜਕੀਆਂ ਦੀ ਬਾਸਕਿਟਬਾਲ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨ ਤਗਮਾ ਆਪਣੇ ਨਾਂ ਕੀਤਾ। ਇਸ ਤੋਂ ਇਲਾਵਾ ਸਕੂਲ ਦੀ ਅੰਡਰ-14 ਲੜਕਿਆਂ ਦੀ ਬਾਸਕਿਟਬਾਲ ਟੀਮ ਅਤੇ ਅੰਡਰ-19 ਲੜਕਿਆਂ ਦੀ ਬਾਸਕਿਟਬਾਲ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦੇ ਤਗਮੇ ਜਿੱਤੇ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਅੰਡਰ-19 ਲੜਕੀਆਂ, ਅੰਡਰ-14 ਲੜਕੇ ਅਤੇ ਅੰਡਰ-19 ਲੜਕਿਆਂ ਦੀਆਂ ਤਿੰਨੇ ਬਾਸਕਿਟਬਾਲ ਟੀਮਾਂ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਲਈ ਕੁਆਲੀਫਾਈ ਕਰ ਗਈਆਂ ਹਨ।
ਇਸ ਸਫਲਤਾ ਦਾ ਸਿਹਰਾ ਖਿਡਾਰੀਆਂ ਦੀ ਮਿਹਨਤ ਦੇ ਨਾਲ-ਨਾਲ ਸਕੂਲ ਦੀ ਬਾਸਕਿਟਬਾਲ ਕੋਚ ਸ਼੍ਰੀ ਕੁਮਾਰੀ ਅਨੂ, ਸਪੋਰਟਸ ਇੰਚਾਰਜ ਗੁਰਵਿੰਦਰ ਕੌਰ ਬਲ, ਸੋਢੀ ਰਾਮ ਅਤੇ ਓਂਕਾਰ ਸਿੰਘ ਦੀ ਮਿਹਨਤ, ਸਮਰਪਣ ਅਤੇ ਉੱਚ ਪੱਧਰੀ ਸਿਖਲਾਈ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਖਿਡਾਰੀਆਂ ਨੂੰ ਇਸ ਮੁਕਾਬਲੇ ਲਈ ਤਿਆਰ ਕੀਤਾ।
ਇਸ ਮੌਕੇ ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਟੀਮ ਭਾਵਨਾ ਦਾ ਵਿਕਾਸ ਕਰਦੀਆਂ ਹਨ। ਸਾਨੂੰ ਆਪਣੇ ਖਿਡਾਰੀਆਂ ਦੀ ਇਸ ਉਪਲਬਧੀ ’ਤੇ ਮਾਣ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਹੋਰ ਰੌਸ਼ਨ ਕਰਨਗੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਅਤੇ ਪ੍ਰਿੰਸੀਪਲ ਸੁਨੀਤਾ ਸਭਰਵਾਲ ਨੇ ਵੀ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਿੰਗ ਸਟਾਫ਼ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉੱਚ ਪੱਧਰੀ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾਂ ਵਚਨਬੱਧ ਹੈ। ਸਕੂਲ ਪਰਿਵਾਰ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਕੁਆਲੀਫਾਈ ਕਰਨ ਵਾਲੀਆਂ ਤਿੰਨਾਂ ਬਾਸਕਿਟਬਾਲ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ।