- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂਅੱਖਾਂ ਦਾਨ ਕਰਕੇ ਕਿਸੇ ਦੀ ਹਨੇਰੀ ਜ਼ਿੰਦਗੀ ਵਿੱਚ ਉਜਾਲਾ ਭਰੋ: ਡਾ. ਐਸ. ਰਾਜਨ

ਹਰੀਸ਼ ਭੰਡਾਰੀ ਪੰਜਾਬੀ ਜਾਗਰਣ, ਫਗਵਾੜਾ
ਸਾਨੂੰ ਆਪਣੇ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਦਾਨ ਕਰ ਦੇਣਾ ਚਾਹੀਦਾ ਹੈ, ਸਾਡੀ ਅੱਖਾਂ ਦੀ ਪੁਤਲੀ ਸਾਡੇ ਮਰਨ ਤੋਂ ਬਾਅਦ ਕਿਸੇ ਲੋੜਵੰਦ (ਅੰਨੇ) ਵਿਅਕਤੀ, ਜੋ ਕਿ ਪੁਤਲੀ ਰੋਗਾਂ ਕਰਕੇ ਅੰਨਾ ਹੋਇਆ ਹੈ, ਨੂੰ ਦਾਨ ਕਰਨਾ, ਅੱਖਾਂ ਦਾ ਦਾਨ ਕਹਿਲਾਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਗਵਾੜਾ ਦੇ ਮਸ਼ਹੂਰ ਅੱਖਾਂ ਦੇ ਮਾਹਿਰ ਡਾਕਟਰ ਐੱਸ ਰਾਜਨ ਨੇ ਪੰਜਾਬੀ ਜਾਗਰਣ ਨਾਲ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨਾ ਸਭ ਤੋਂ ਮਹਾਨ ਮਨੁੱਖੀ ਸੇਵਾਵਾਂ ਵਿੱਚੋਂ ਇੱਕ ਹੈ। ਇੱਕ ਵਿਅਕਤੀ ਦੇ ਅੱਖਾਂ ਦਾਨ ਕਰਨ ਨਾਲ ਕਿਸੇ ਲੋੜਵੰਦ ਦੀ ਨਜ਼ਰ ਵਾਪਸ ਆ ਸਕਦੀ ਹੈ ਤੇ ਉਨ੍ਹਾਂ ਦੀ ਹਨੇਰੀ ਜ਼ਿੰਦਗੀ ਵਿੱਚ ਨਵਾਂ ਚਾਨਣ ਫੈਲ ਸਕਦਾ ਹੈ।
ਡਾ. ਰਾਜਨ ਨੇ ਕਿਹਾ ਕਿ ਅੱਜ ਵੀ ਸਮਾਜ ਵਿੱਚ ਅੱਖਾਂ ਦਾਨ ਸਬੰਧੀ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਮੌਜੂਦ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਕਰਨ ਨਾਲ ਮ੍ਰਿਤਕ ਦੇ ਸਰੀਰ ਦੀ ਦਿੱਖ 'ਤੇ ਕੋਈ ਅਸਰ ਨਹੀਂ ਪੈਂਦਾ ਤੇ ਅੰਤਿਮ ਸੰਸਕਾਰ ਵੀ ਪੂਰੇ ਸਨਮਾਨ ਨਾਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ 4 ਤੋਂ 6 ਘੰਟਿਆਂ ਦੇ ਅੰਦਰ ਅੱਖਾਂ ਦੀ ਪੁਤਲੀ ਸੁਰੱਖਿਅਤ ਤਰੀਕੇ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਨੂੰ ਪੁਤਲੀ ਦੇ ਰੋਗ ਕਾਰਨ ਨਜ਼ਰ ਗੁਆ ਚੁੱਕੇ ਮਰੀਜ਼ਾਂ ਵਿੱਚ ਲਗਾ ਕੇ ਉਨ੍ਹਾਂ ਦੀ ਰੌਸ਼ਨੀ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨ ਲਈ ਕਿਸੇ ਵੀ ਵਿਅਕਤੀ ਦੀ ਉਮਰ ਰੁਕਾਵਟ ਨਹੀਂ ਬਣਦੀ। ਜ਼ਿਆਦਾਤਰ ਲੋਕ ਆਪਣੀ ਇੱਛਾ ਪਹਿਲਾਂ ਹੀ ਦਰਜ ਕਰਵਾ ਸਕਦੇ ਹਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ, ਤਾਂ ਜੋ ਮੌਤ ਤੋਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ ਅੱਖਾਂ ਦਾਨ ਕੀਤੀਆਂ ਜਾ ਸਕਣ। ਜ਼ਿਕਰਯੋਗ ਹੈ ਕਿ ਡਾ ਐਸ ਰਾਜਨ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਬਣਾ ਕੇ ਵੱਖ ਵੱਖ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿੱਚ ਬੇਸ਼ੁਮਾਰ ਅੱਖਾਂ ਦੇ ਵਿਸ਼ੇਸ਼ ਕੈਂਪ ਲਗਾ ਕੇ ਲੋੜਵੰਦਾਂ ਦੀਆਂ ਅੱਖਾਂ ਦੇ ਫ੍ਰੀ ਆਪਰੇਸ਼ਨ ਕਰ ਬਹੁਤ ਸਾਰੇ ਲੋਕਾਂ ਦੀ ਹਨੇਰੀ ਜ਼ਿੰਦਗੀ ਵਿੱਚ ਉਜਾਲਾ ਭਰ ਚੁੱਕੇ ਹਨ ਤੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਦੁਨੀਆਂ ਵਿੱਚ ਉਨ੍ਹਾਂ ਦਾ ਇੱਕ ਜਾਣਿਆ ਪਹਿਚਾਣਿਆ ਨਾਮ ਹੈ ।