ਮਾਂ ਦਾ ਦੁੱਧ ਬੱਚੇ ਦਾ ਪਹਿਲਾ ਹੱਕ : ਡਾ. ਪਰਾਸ਼ਰ ਮਾਂ ਦਾ ਦੁੱਧ ਬੱਚੇ ਦਾ ਪਹਿਲਾ ਹੱਕ, ਜੀਵਨ ਭਰ ਦੀ ਸਿਹਤ ਦਾ ਮਜ਼ਬੂਤ ਆਧਾਰ : ਡਾ. ਰਾਜੀਵ ਪਰਾਸ਼ਰ
Publish Date: Thu, 06 Aug 2026 06:53 PM (IST)
Updated Date: Thu, 06 Aug 2026 06:55 PM (IST)
ਵਿਸ਼ਵ ਬ੍ਰੈਸਟ ਫੀਡਿੰਗ ਦਿਵਸ ਮੌਕੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਪਿਲਾਉਣ ਦੀ ਅਪੀਲ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਵਿਸ਼ਵ ਬ੍ਰੈਸਟ ਫੀਡਿੰਗ ਦਿਵਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਨੇ ਮਾਵਾਂ ਨੂੰ ਆਪਣੇ ਨਵਜੰਮੇ ਬੱਚਿਆਂ ਦੇ ਸਿਹਤਮੰਦ ਵਿਕਾਸ ਤੇ ਬਿਹਤਰ ਭਵਿੱਖ ਲਈ ਬ੍ਰੈਸਟ ਫੀਡਿੰਗ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਕੁਦਰਤ ਵੱਲੋਂ ਪ੍ਰਦਾਨ ਕੀਤਾ ਗਿਆ ਸੰਪੂਰਨ ਤੇ ਸਭ ਤੋਂ ਉੱਤਮ ਆਹਾਰ ਹੈ, ਜੋ ਬੱਚੇ ਦੇ ਸਰੀਰਕ, ਮਾਨਸਿਕ ਤੇ ਰੋਗ-ਪ੍ਰਤੀਰੋਧਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਡਾ. ਪਰਾਸ਼ਰ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ ਇੱਕ ਘੰਟੇ ਦੇ ਅੰਦਰ ਬ੍ਰੈਸਟ ਫੀਡਿੰਗ ਸ਼ੁਰੂ ਕਰਨਾ ਬਹੁਤ ਮਹੱਤਵਪੂਰਨ ਹੈ। ਜਨਮ ਤੋਂ ਬਾਅਦ ਮਾਂ ਵੱਲੋਂ ਆਉਣ ਵਾਲਾ ਪਹਿਲਾ ਪੀਲਾ ਗਾੜ੍ਹਾ ਦੁੱਧ, ਜਿਸ ਨੂੰ ਕੋਲੋਸਟ੍ਰਮ ਕਿਹਾ ਜਾਂਦਾ ਹੈ, ਬੱਚੇ ਲਈ ਬੇਹੱਦ ਪੌਸ਼ਟਿਕ ਤੇ ਰੋਗਾਂ ਨਾਲ ਲੜਨ ਲਈ ਮਹੱਤਵਪੂਰਨ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਸਨੂੰ ਕਿਸੇ ਵੀ ਹਾਲਤ ਵਿੱਚ ਬੱਚੇ ਨੂੰ ਦੇਣ ਤੋਂ ਵਾਂਝਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਇਆ ਜਾਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਬੱਚੇ ਨੂੰ ਪਾਣੀ, ਸ਼ਹਿਦ, ਘੁੱਟੀ, ਜੂਸ ਜਾਂ ਕਿਸੇ ਹੋਰ ਤਰਲ ਪਦਾਰਥ ਦੀ ਲੋੜ ਨਹੀਂ ਹੁੰਦੀ। ਮਾਂ ਦਾ ਦੁੱਧ ਬੱਚੇ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਤੇ ਕਈ ਤਰ੍ਹਾਂ ਦੀਆਂ ਲਾਗਾਂ ਤੇ ਬਿਮਾਰੀਆਂ ਤੋਂ ਬਚਾਅ ਵਿੱਚ ਸਹਾਇਕ ਹੁੰਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਛੇ ਮਹੀਨੇ ਦੀ ਉਮਰ ਪੂਰੀ ਹੋਣ ਤੋਂ ਬਾਅਦ ਬੱਚੇ ਨੂੰ ਉਮਰ ਅਨੁਸਾਰ ਪੂਰਕ ਆਹਾਰ ਸ਼ੁਰੂ ਕਰਵਾਉਂਦੇ ਹੋਏ ਬ੍ਰੈਸਟ ਫੀਡਿੰਗ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦੇ ਦੁੱਧ ਨਾਲ ਬੱਚੇ ਨੂੰ ਲੋੜੀਂਦੇ ਪੌਸ਼ਟਿਕ ਤੱਤ ਮਿਲਣ ਦੇ ਨਾਲ-ਨਾਲ ਮਾਂ ਤੇ ਬੱਚੇ ਵਿਚਕਾਰ ਭਾਵਨਾਤਮਕ ਰਿਸ਼ਤਾ ਵੀ ਹੋਰ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਤਨਪਾਨ ਸਿਰਫ਼ ਬੱਚੇ ਨੂੰ ਖੁਰਾਕ ਦੇਣ ਦਾ ਸਾਧਨ ਨਹੀਂ, ਸਗੋਂ ਉਸਦੀ ਸਿਹਤਮੰਦ ਜ਼ਿੰਦਗੀ ਦੀ ਮਜ਼ਬੂਤ ਨੀਂਹ ਹੈ। ਇਸ ਲਈ ਹਰ ਮਾਂ ਨੂੰ ਆਪਣੇ ਬੱਚੇ ਨੂੰ ਜਨਮ ਤੋਂ ਪਹਿਲੇ ਇੱਕ ਘੰਟੇ ਦੇ ਅੰਦਰ ਬ੍ਰੈਸਟ ਫੀਡਿੰਗ ਸ਼ੁਰੂ ਕਰਵਾਉਣ ਤੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਪਿਲਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਡਾ. ਪਰਾਸ਼ਰ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਦਾ ਪਹਿਲਾ ਹੱਕ ਹੈ ਤੇ ਸਿਹਤਮੰਦ ਜੀਵਨ ਦੀ ਮਜ਼ਬੂਤ ਨੀਂਹ ਹੈ।