ਫਗਵਾੜਾ ’ਚ ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ ਫਗਵਾੜਾ ’ਚ ਬੇਖੌਫ ਚੋਰਾਂ ਦਾ ਨਵਾਂ ਕਾਰਨਾਮਾ, ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ
Publish Date: Tue, 01 Sep 2026 09:41 PM (IST)
Updated Date: Tue, 01 Sep 2026 09:43 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਬੇਖੌਫ ਚੋਰਾਂ ਵੱਲੋਂ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਫਗਵਾੜਾ ਦੇ ਖਲਵਾੜਾ ਗੇਟ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਸਥਿਤ ਗੂਗਾ ਜਾਹਰ ਵੀਰ ਜੀ ਦੇ ਅਸਥਾਨ ਵਿੱਚ ਬੀਤੀ ਰਾਤ ਇੱਕ ਨੌਜਵਾਨ ਦਾਖਲ ਹੋਇਆ ਤੇ ਉੱਥੇ ਸੰਗਤ ਵੱਲੋਂ ਸ਼ਰਧਾ ਨਾਲ ਚੜ੍ਹਾਈ ਗਈ ਮਾਇਆ ਵਾਲੀ ਗੋਲਕ ਨੂੰ ਕਥਿਤ ਤੌਰ ’ਤੇ ਪੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਸੰਗਤ ਰੋਜ਼ਾਨਾ ਦੀ ਤਰ੍ਹਾਂ ਮੱਥਾ ਟੇਕਣ ਲਈ ਅਸਥਾਨ ’ਤੇ ਪਹੁੰਚੀ ਤਾਂ ਗੋਲਕ ਗਾਇਬ ਹੋਣ ਦਾ ਪਤਾ ਲੱਗਾ। ਇਸ ਤੋਂ ਬਾਅਦ ਜਦੋਂ ਅਸਥਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਇੱਕ ਨੌਜਵਾਨ ਰਾਤ ਕਰੀਬ ਸਾਢੇ 11 ਵਜੇ ਅਸਥਾਨ ਵਿੱਚ ਦਾਖਲ ਹੁੰਦਾ ਦਿਖਾਈ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਸਵੇਰੇ ਸੰਗਤ ਦੇ ਆਉਣ ’ਤੇ ਗੋਲਕ ਚੋਰੀ ਹੋਣ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ। ਇਸ ਘਟਨਾ ਤੋਂ ਬਾਅਦ ਸੰਗਤ ਅਤੇ ਇਲਾਕਾ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਕੇ ਉਸਨੂੰ ਜਲਦ ਕਾਬੂ ਕੀਤਾ ਜਾਵੇ ਤੇ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾਣ।