ਬਾਕਸ ਕ੍ਰਿਕਟ ਗਰਾਊਂਡ ਦਾ ਹਲਕਾ ਇੰਚਾਰਜ ਘੁੰਮਣ ਨੇ ਕੀਤਾ ਦੌਰਾ ਬਾਕਸ ਕ੍ਰਿਕਟ ਗਰਾਊਂਡ ਦਾ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ ਵੱਲੋਂ ਦੌਰਾ
Publish Date: Sun, 15 Nov 2026 08:46 PM (IST)
Updated Date: Sun, 15 Nov 2026 08:48 PM (IST)
ਉਦਘਾਟਨ ਰਿਬਨ ਕੱਟ ਕੇ ਨਹੀਂ, ਸਗੋਂ ਕ੍ਰਿਕਟ ਖੇਡ ਕੇ ਹੋਵੇਗਾ : ਘੁੰਮਣ ਜਲਦ ਹੀ ਤਿਆਰ ਹੋ ਕੇ ਖਿਡਾਰੀਆਂ ਨੂੰ ਸਮਰਪਿਤ ਕੀਤਾ ਜਾਵੇਗਾ ਬਾਕਸ ਕ੍ਰਿਕਟ ਸਟੇਡੀਅਮ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਗਰਾਊਂਡ ਵਿੱਚ ਤਿਆਰ ਕੀਤੇ ਜਾ ਰਹੇ ਬਾਕਸ ਕ੍ਰਿਕਟ ਗਰਾਊਂਡ ਦਾ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਗਰਾਊਂਡ ਦੀ ਚੱਲ ਰਹੀ ਉਸਾਰੀ ਤੇ ਤਿਆਰੀ ਦੇ ਕੰਮ ਦਾ ਜਾਇਜ਼ਾ ਲਿਆ ਤੇ ਕੰਮ ਦੀ ਗੁਣਵੱਤਾ ’ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਬਾਕਸ ਕ੍ਰਿਕਟ ਸਟੇਡੀਅਮ ਦੀ ਤਿਆਰੀ ਵਿੱਚ ਵਧੀਆ ਮਟੀਰੀਅਲ ਤੇ ਮਿਆਰੀ ਸਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜੋ ਖਿਡਾਰੀਆਂ ਨੂੰ ਖੇਡਣ ਲਈ ਵਧੀਆ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਬਾਕਸ ਕ੍ਰਿਕਟ ਗਰਾਊਂਡ ਦਾ ਉਦਘਾਟਨ ਕਿਸੇ ਰਸਮੀ ਸਮਾਗਮ ਜਾਂ ਰਿਬਨ ਕੱਟ ਕੇ ਨਹੀਂ, ਸਗੋਂ ਕ੍ਰਿਕਟ ਖੇਡ ਕੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਖੇਡ ਮੈਦਾਨਾਂ ਨੂੰ ਅਪਗ੍ਰੇਡ ਕਰਨ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕਸ ਕ੍ਰਿਕਟ ਸਟੇਡੀਅਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆ ਹਨ ਤੇ ਬਾਕਸ ਕ੍ਰਿਕਟ ਸਟੇਡੀਅਮ ਦਾ ਕੰਮ ਬਹੁਤ ਜਲਦ ਮੁਕੰਮਲ ਕਰਕੇ ਇਸ ਨੂੰ ਖਿਡਾਰੀਆਂ ਨੂੰ ਸਮਰਪਿਤ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਦਾ ਵਧੀਆ ਮੌਕਾ ਮਿਲੇਗਾ। ਉਨ੍ਹਾਂ ਕਿਹਾ ਭੁਲੱਥ ਦੇ ਖਿਡਾਰੀਆਂ ਨੂੰ ਨਵੀਂ ਸੌਗਾਤ ਮਿਲੇਗੀ ਤੇ ਆਧੁਨਿਕ ਬਾਕਸ ਕ੍ਰਿਕਟ ਸਟੇਡੀਅਮ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਭੁਲੱਥ ਵਿੱਚ ਤਿਆਰ ਹੋ ਰਿਹਾ ਹੈ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਰਸ਼ਪਾਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੂਰਜ ਕੁਮਾਰ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਵਪਾਰ ਮੰਡਲ ਦੇ ਚੇਅਰਮੈਨ ਲਕਸ਼ ਚੌਧਰੀ, ਕੌਂਸਲਰ ਕੁਲਦੀਪ ਸਿੰਘ, ਕੌਂਸਲਰ ਸੁਖਦੇਵ ਸਿੰਘ, ਇੰਦਰਜੀਤ ਸਿੰਘ, ਖੇਡ ਪ੍ਰਮੋਟਰ ਰਾਹੁਲ ਮਿਗਲਾਨੀ, ਐਡਵੋਕੇਟ ਦੀਪਕ ਦਿਨੇਸ਼ ਮੌਂਗਾ, ਅਰਸ਼ ਕਪੂਰ, ਪੁਸ਼ਕਰ ਭਾਟੀਆ, ਸੰਨੀ ਬੱਤਰਾ, ਨਵੀ ਬੱਬਰ, ਨਿਸ਼ਾਤ ਮਿਗਲਾਨੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।