ਕਵੀ ਦਿਲੀਪ ਪਾਂਡੇ ਦੀ ਕਿਤਾਬ ’ਤੇ ਹੋਈ ਵਿਚਾਰ-ਚਰਚਾ
ਪੁਸਤਕ “ਮੈਂ ਸਮਾਂ ਹਾਂ” ’ਤੇ ਵਿਚਾਰ-ਚਰਚਾ ਅਤੇ ਕਵੀ ਦਿਲੀਪ ਪਾਂਡੇ ਸਨਮਾਨਿਤ
Publish Date: Tue, 17 Feb 2026 07:22 PM (IST)
Updated Date: Tue, 17 Feb 2026 07:24 PM (IST)
ਫਗਵਾੜਾ : ਦੋਆਬਾ ਸਾਹਿਤ ਅਤੇ ਕਲਾ ਅਕਾਦਮੀ ਵੱਲੋਂ ਡਾ. ਜਵਾਹਰ ਧੀਰ ਦੀ ਅਗਵਾਈ ਹੇਠ ਪਿਛਲੇ ਦਿਨੀਂ ਫਗਵਾੜਾ ਵਿਚ ਵਿਸ਼ੇਸ਼ ਆਯੋਜਨ ਕੀਤਾ ਗਿਆ, ਜਿਸ ਵਿਚ ਹਿੰਦੀ ਕਵੀ ਦਿਲੀਪ ਕੁਮਾਰ ਪਾਂਡੇ ਦੀ ਨਵ-ਪ੍ਰਕਾਸ਼ਿਤ ਪੁਸਤਕ “ਮੈਂ ਸਮਾਂ ਹਾਂ” ’ਤੇ ਵਿਚਾਰ-ਚਰਚਾ ਕੀਤੀ ਗਈ। ਵਿਦਵਾਨਾਂ ਰਵਿੰਦਰ ਸਿੰਘ ਚੋਟ, ਟੀਡੀ ਚਾਵਲਾ, ਡਾ. ਯਸ਼ ਚੋਪੜਾ, ਨੀਰੂ ਗਰੋਵਰ ਤੇ ਡਾ. ਜਵਾਹਰ ਧੀਰ ਨੇ ਆਪਣੇ-ਆਪਣੇ ਸੰਬੋਧਨਾਂ ਵਿਚ ਕਿਹਾ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਨਾ ਸਿਰਫ਼ ਗੰਭੀਰ ਹਨ, ਸਗੋਂ ਪੜ੍ਹਨ ਵਾਲਿਆਂ ਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਵੀ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਸਮੇਂ ਬਾਰੇ ਲਿਖੀਆਂ ਕਈ ਰਚਨਾਵਾਂ ਸਮੇਂ ਦੇ ਚੰਗੇ-ਮੰਦੇ ਨਤੀਜਿਆਂ ’ਤੇ ਵੀ ਪ੍ਰਹਾਰ ਕਰਦੀਆਂ ਦਿਸਦੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਕਵੀ ਨੂੰ ਭਵਿੱਖ ਵਿਚ ਵੀ ਐਸੀ ਕਵਿਤਾਵਾਂ ਦੀ ਰਚਨਾ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਸਾਬਕਾ ਬੈਂਕ ਅਧਿਕਾਰੀ ਤੇ ਨਿਰਦੇਸ਼ਕ ਚਾਰੂ ਦੱਤ ਸੁਧੀਰ ਨੇ ਕਵਿਤਾ ਪਾਠ ਕੀਤਾ ਤੇ ਅਕਾਸ਼ਵਾਨੀ ਨਾਲ ਜੁੜੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਇਸ ਤੋਂ ਬਾਅਦ ਅਕਾਦਮੀ ਪ੍ਰਧਾਨ ਡਾ. ਜਵਾਹਰ ਧੀਰ, ਡਾ. ਯਸ਼ ਚੋਪੜਾ, ਟੀਡੀ ਚਾਵਲਾ ਤੇ ਹੋਰ ਮੈਂਬਰਾਂ ਨੇ ਦਿਲੀਪ ਕੁਮਾਰ ਪਾਂਡੇ ਨੂੰ ਸਮ੍ਰਿਤੀ-ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਤੇ ਪੁਸਤਕ ਨੂੰ ਲੋਕ-ਅਰਪਣ ਵੀ ਕੀਤਾ। ਇਸ ਤੋਂ ਬਾਅਦ ਮੌਜੂਦ ਕਵੀਆਂ ਹਰਚਰਨ ਭਾਰਤੀ, ਸੁਖਦੇਵ ਸਿੰਘ ਗੜਵਾਂ, ਨੀਰੂ ਗਰੋਵਰ ਪਰਲ ਤੇ ਦਿਲੀਪ ਕੁਮਾਰ ਪਾਂਡੇ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ, ਜਦਕਿ ਪ੍ਰਸਿੱਧ ਗਾਇਕ ਜਤਿੰਦਰ ਗੁਪਤਾ ਨੇ ਸ਼ਿਵਰਾਤਰੀ ਮੌਕੇ ਭੋਲੇਨਾਥ ਨੂੰ ਸਮਰਪਿਤ ਗੀਤ ਗਾ ਕੇ ਮਾਹੌਲ ਸ਼ਿਵਮਈ ਬਣਾ ਦਿੱਤਾ। ਲੇਖਕ ਕੁਲਵਿੰਦਰ ਸਿੰਘ ਨੇ ਸਾਰੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ।