- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੇਨ ਤੋਂ ਪਰਤੇ ਨੌਜਵਾਨ ਦੀ ਘਰ ’ਚੋਂ ਸ਼ੱਕੀ ਹਾਲਾਤਾਂ ’ਚ ਮਿਲੀ ਲਾਸ਼

ਅਰਸ਼ਦੀਪ ਸਿੰਘ ਦੀ ਮੌਤ ਬਣੀ ਭੇਤ
ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜੀ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ :
ਨਜ਼ਦੀਕੀ ਪਿੰਡ ਸਰਾਏ ਜੱਟਾਂ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਟਹਿਲ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਵਿੱਚੋਂ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ ਅਰਸ਼ਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਤਲਵੰਡੀ ਚੌਧਰੀਆਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਦੋ-ਤਿੰਨ ਦਿਨ ਪਹਿਲਾਂ ਹੀ ਸਪੇਨ ਤੋਂ ਪੰਜਾਬ ਵਾਪਸ ਆਇਆ ਸੀ। ਉਹ ਸਪੇਨ ਦਾ ਸਿਟੀਜ਼ਨ ਵੀ ਹੈ। ਅਰਸ਼ਦੀਪ ਸਿੰਘ ਦੀ ਭੇਤ ਭਰੀ ਮੌਤ ਦੀ ਇਲਾਕੇ ਵਿੱਚ ਚਰਚਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੂੰ ਮੌਕੇ ਤੋਂ ਨੌਜਵਾਨ ਦਾ ਸਪਲੈਂਡਰ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਵੀ ਮਿਲੇ ਹਨ। ਪੁਲਿਸ ਵੱਲੋਂ ਇਨ੍ਹਾਂ ਸਾਮਾਨ ਸਮੇਤ ਘਟਨਾ ਨਾਲ ਜੁੜੇ ਹੋਰ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਜਾਂਚ ਕਰਨ ਪਹੁੰਚੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਲੱਗ ਰਿਹਾ ਹੈ ਕਿ ਨੌਜਵਾਨ ਨੂੰ ਅਟੈਕ ਆਇਆ ਹੋ ਸਕਦਾ ਹੈ, ਪਰ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਨੌਜਵਾਨ 2-3 ਦਿਨ ਪਹਿਲਾਂ ਹੀ ਪੰਜਾਬ ਵਾਪਸ ਆਇਆ ਸੀ। ਪੋਸਟਮਾਰਟਮ ਤੋਂ ਬਾਅਦ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।