ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ : ਰਘਬੋਤਰਾ ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ, ਇੱਕ ਯੂਨਿਟ ਖੂਨ ਬਚਾ ਸਕਦਾ ਹੈ ਕੀਮਤੀ ਜ਼ਿੰਦਗੀ : ਮਲਕੀਅਤ ਸਿੰਘ ਰਘਬੋਤਰਾ
Publish Date: Sat, 19 Sep 2026 07:43 PM (IST)
Updated Date: Sat, 19 Sep 2026 07:44 PM (IST)
ਇੱਕ ਯੂਨਿਟ ਖੂਨ ਬਚਾ ਸਕਦਾ ਹੈ ਕੀਮਤੀ ਜ਼ਿੰਦਗੀ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਬਲੱਡ ਬੈਂਕ ਗੁਰੂ ਗੋਬਿੰਦ ਨਗਰ ਫਗਵਾੜਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਤੇ ਫਗਵਾੜਾ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਇਸ ਕੈਂਪ ਦਾ ਉਦਘਾਟਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਹਾਜ਼ਰ ਖੂਨਦਾਨੀਆਂ ਤੇ ਪਤਵੰਤਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਮਹਾਨ ਸ਼ਖਸੀਅਤ ਦੇ ਜਨਮਦਿਨ ਨੂੰ ਸਮਾਜ ਸੇਵਾ ਨਾਲ ਜੋੜ ਕੇ ਮਨਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਖੂਨਦਾਨੀਆਂ ਨੂੰ ਨਿਯਮਿਤ ਤੌਰ ’ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਬਲੱਡ ਬੈਂਕ ਤੇ ਫਗਵਾੜਾ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਕੀਤੇ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਮਲਕੀਅਤ ਸਿੰਘ ਰਘਬੋਤਰਾ ਨੇ ਕਿਹਾ ਕਿ ਖੂਨਦਾਨ ਸਿਰਫ਼ ਦਾਨ ਨਹੀਂ, ਸਗੋਂ ਕਿਸੇ ਲੋੜਵੰਦ ਮਨੁੱਖ ਨੂੰ ਜ਼ਿੰਦਗੀ ਦੇਣ ਦਾ ਉਪਰਾਲਾ ਹੈ। ਇੱਕ ਵਿਅਕਤੀ ਵੱਲੋਂ ਕੀਤਾ ਗਿਆ ਖੂਨਦਾਨ ਕਈ ਵਾਰ ਕਿਸੇ ਦੀ ਜ਼ਿੰਦਗੀ ਬਚਾਅ ਸਕਦਾ ਹੈ। ਉਨ੍ਹਾਂ ਕੈਂਪ ਨੂੰ ਸਫਲ ਬਣਾਉਣ ਲਈ ਮੁੱਖ ਮਹਿਮਾਨ ਸੋਮ ਪ੍ਰਕਾਸ਼ ਕੈਂਥ, ਫਗਵਾੜਾ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਖੂਨਦਾਨੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲੈਂਦਿਆਂ 21 ਯੂਨਿਟ ਖੂਨ ਦਾਨ ਕੀਤਾ ਗਿਆ। ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਤੇ ਸਾਬਕਾ ਮੰਤਰੀ ਸੋਮ ਪ੍ਰਕਾਸ਼ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਮੇਅਰ ਅਰੁਣ ਖੋਸਲਾ, ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ, ਫਗਵਾੜਾ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਸਕੱਤਰ ਵਿਜੇ ਕੁਮਾਰ, ਮੋਹਨ ਲਾਲ ਤਨੇਜਾ, ਕਿਸ਼ਨ ਕੁਮਾਰ, ਸੁਧਾ ਬੇਦੀ, ਮਨੋਜ ਕੁਮਾਰ, ਧਰਮਵੀਰ ਸੇਠੀ, ਗੁਲਾਬ ਸਿੰਘ ਠਾਕੁਰ, ਰਕੇਸ਼ ਸ਼ਰਮਾ, ਹਰਜੀਤ ਸਿੰਘ ਪੁੰਨ ਸਮੇਤ ਹੋਰ ਪਤਵੰਤੇ ਤੇ ਸਹਿਯੋਗੀ ਹਾਜ਼ਰ ਸਨ।