ਪਲੇਟਲੈਟਸ ਡੋਨੇਸ਼ਨ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਬਲੱਡ ਬੈਂਕ ਨੇ ਪਿਰਾਮਿਡ ਕਾਲਜ ਵਿਖੇ ਕਰਵਾਇਆ ਪਲੇਟਲੈਟਸ ਡੋਨੇਸ਼ਨ ਜਾਗਰੁਕਤਾ ਪ੍ਰੋਗਰਾਮ
Publish Date: Fri, 14 Aug 2026 07:08 PM (IST)
Updated Date: Fri, 14 Aug 2026 07:11 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵੱਲੋਂ ਪਲੇਟਲੈਟਸ ਡੋਨੇਸ਼ਨ ਸਬੰਧੀ ਇੱਕ ਜਾਗਰੁਕਤਾ ਪ੍ਰੋਗਰਾਮ ਪਿਰਾਮਿਡ ਕਾਲਜ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਕਾਲਜ ਦੇ ਕਰੀਬ 300 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਸਭ ਤੋਂ ਪਹਿਲਾਂ ਕਾਲਜ ਦੇ ਡਾਇਰੈਕਟਰ ਡਾ. ਇੰਦਰਪਾਲ ਸਿੰਘ ਤੇ ਸਹਿਯੋਗੀ ਅਤਿੰਦਰਪਾਲ ਸਿੰਘ ਨੇ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ। ਉਪਰੰਤ ਆਈਐੱਸਬੀਟੀਆਈ ਪੰਜਾਬ ਇਕਾਈ ਦੇ ਜਨਰਲ ਸਕੱਤਰ ਡਾ. ਐੱਮਪੀ ਸਿੰਘ ਨੇ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਰਾਹੀਂ ਵਿਦਿਆਰਥੀਆਂ ਨੂੰ ਖੂਨ ਤੇ ਪਲੇਟਲੈਟਸ ਦਾ ਫਰਕ ਦੱਸਿਆ ਤੇ ਲੋੜਵੰਦ ਮਰੀਜ਼ਾਂ ਲਈ ਦਾਨ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਖੂਨ ਵਿੱਚੋਂ ਪਲੇਟਲੈਟਸ ਲੈਣ ਦੀ ਪ੍ਰਕ੍ਰਿਆ 60 ਤੋਂ 90 ਮਿਨਟ ਵਿੱਚ ਪੂਰੀ ਹੋ ਜਾਂਦੀ ਹੈ ਜਦਕਿ ਦਾਨ ਕੀਤੇ ਪਲੇਟਲੈਟਸ ਦੀ ਪੂਰਤੀ 48 ਤੋਂ 72 ਘੰਟੇ ਵਿੱਚ ਹੋ ਜਾਂਦੀ ਹੈ। ਦਾਨੀ ਵਿਅਕਤੀ 15 ਦਿਨ ਬਾਅਦ ਦੁਬਾਰਾ ਪਲੇਟਲੈਟਸ ਦਾਨ ਕਰ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਅੱਜਕਲ ਬਰਸਾਤ ਦਾ ਮੌਸਮ ਹੋਣ ਕਰਕੇ ਡੇਂਗੂ ਦੇ ਕਾਫੀ ਕੇਸ ਸਾਹਮਣੇ ਆਉਂਦੇ ਹਨ। ਇਸ ਲਈ ਡੇਂਗੂ ਮਰੀਜਾਂ ਨੂੰ ਪਲੇਟਲੈਟਸ ਦੀ ਜ਼ਰੂਰਤ ਹੋ ਸਕਦੀ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਇਹ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕ ਕਾਲਜ ਸਟਾਫ, ਵਿਦਿਆਰਥੀ ਤੇ ਹੋਰ ਪਤਵੰਤੇ ਹਾਜ਼ਰ ਸਨ।