- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐਲਓ ਯੂਨੀਅਨ ਦੀ ਹੋਈ ਜਿੱਤ --ਬੀ.ਐਲ.ਓ. ਨਾਲ ਉਲਝਣਾ ਪਿਆ ਮਹਿੰਗਾ

ਬੀਐੱਲਓ ਯੂਨੀਅਨ ਦੀ ਹੋਈ ਜਿੱਤ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਬੀਤੇ 17 ਜੁਲਾਈ ਨੂੰ ਕਪੂਰਥਲਾ ਸ਼ਹਿਰ ਵਿੱਚ ਕੇਸਰੀ ਬਾਗ ਵਿਖੇ ਇੱਕ ਵੋਟਰ ਵੱਲੋਂ ਬੀਐੱਲਓ ਦੀ ਡਿਊਟੀ ਨਿਭਾਅ ਰਹੇ ਮੁਲਾਜ਼ਮ ਨਾਲ ਕਥਿਤ ਗਾਲੀ-ਗਲੋਚ ਅਤੇ ਝਗੜੇ ਦੀ ਘਟਨਾ ਸਾਹਮਣੇ ਆਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਲਓ ਦੀ ਡਿਊਟੀ ਨਿਭਾਅ ਰਹੇ ਕੁਸ਼ਲ ਕੁਮਾਰ ਵਾਸੀ ਮੁਹੱਲਾ ਕੇਸਰੀ ਬਾਗ ਨੇ ਸ਼ਾਮ ਲਗਭਗ 6 ਵਜੇ ਇਸ ਵਿਅਕਤੀ ਨੂੰ ਆਪਣਾ ਐੱਸਆਈਆਰ ਨਾਲ ਸੰਬੰਧਿਤ ਭਰਿਆ ਹੋਇਆ ਫਾਰਮ ਵਾਪਸ ਦੇ ਕੇ ਜਾਣ ਲਈ ਫੋਨ ਕਰਕੇ ਜਨਤਕ ਥਾਂ ’ਤੇ ਬੁਲਾਇਆ ਤਾਂ ਸ਼ਾਂਤਮਈ ਤਰੀਕੇ ਨਾਲ ਫਾਰਮ ਦੇਣ ਦੀ ਥਾਂ ਇਸ ਵਿਅਕਤੀ ਵੱਲੋਂ ਬੀਐੱਲਓ ਨਾਲ ਬਿਨਾਂ ਵਜ੍ਹਾ ਗਾਲੀ-ਗਲੋਚ ਕੀਤੀ ਗਈ, ਉਸ ਦੇ ਕਿਰਦਾਰ ’ਤੇ ਝੂਠੇ ਦੋਸ਼ ਲਗਾਏ ਅਤੇ ਹੱਥੋਪਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਛੁਡਾਇਆ ਅਤੇ ਰੋਕਿਆ ਗਿਆ।
ਘਟਨਾ ਤੋਂ ਤੁਰੰਤ ਬਾਅਦ ਪੀੜਤ ਬੀਐੱਲਓ ਕੁਸ਼ਲ ਕੁਮਾਰ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਐੱਸਡੀਐੱਮ ਕਪੂਰਥਲਾ ਦੇ ਧਿਆਨ ਵਿੱਚ ਲਿਆਂਦੀ ਗਈ ਅਤੇ ਥਾਣਾ ਸਿਟੀ ਕਪੂਰਥਲਾ ਵਿਖੇ ਦੋਸ਼ੀ ਖਿਲਾਫ ਦਰਖਾਸਤ ਵੀ ਦਿੱਤੀ। ਅਗਲੀ ਸਵੇਰ ਬੀਐੱਲਓ ਯੂਨੀਅਨ, ਕਪੂਰਥਲਾ ਵੱਲੋਂ ਮਸਲਾ ਆਪਣੇ ਹੱਥ ਵਿੱਚ ਲੈ ਕੇ ਉਕਤ ਘਟਨਾ ਦੀ ਜਾਣਕਾਰੀ ਮੁੱਖ ਚੋਣ ਕਮਿਸ਼ਨਰ, ਪੰਜਾਬ ਆਨੰਦਿਤਾ ਮਿੱਤਰਾ ਨੂੰ ਦਿੱਤੀ ਗਈ। ਮੁੱਖ ਚੋਣ ਕਮਿਸ਼ਨਰ ਨੇ ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਐੱਸਡੀਐੱਮ ਕਪੂਰਥਲਾ ਨੂੰ ਦੋਸ਼ੀ ਵਿਰੁੱਧ ਐੱਫਆਈਆਰ ਦਰਜ ਕਰਾਉਣ ਅਤੇ ਕਾਰਵਾਈ ਕਰਵਾਉਣ ਦੇ ਹੁਕਮ ਦਿੱਤੇ। ਇਹਨਾਂ ਹੁਕਮਾਂ ’ਤੇ ਐੱਸਐੱਚਓ ਥਾਣਾ ਸਿਟੀ ਕਪੂਰਥਲਾ ਵੱਲੋਂ ਮੁਲਜ਼ਮ ਨੂੰ ਬੁਲਾਇਆ ਅਤੇ ਸਖਤ ਕਾਰਵਾਈ ਕੀਤੇ ਜਾਣ ਸਬੰਧੀ ਚਿਤਾਵਨੀ ਦਿੱਤੀ ਗਈ। ਇਸ ਤਰ੍ਹਾਂ ਸਥਿਤੀ ਵਿਗੜਦੀ ਦੇਖ ਕੇ ਮੁਲਜ਼ਮ ਵੱਲੋਂ ਆਪਣੇ ਮੁਹੱਲੇ ਦੇ ਮੋਹਤਬਰ ਵਿਅਕਤੀ ਬੁਲਾ ਕੇ ਕੁਸ਼ਲ ਕੁਮਾਰ ਤੋਂ ਝਗੜੇ ਵਾਲੀ ਥਾਂ ’ਤੇ ਹੀ ਮੁਹੱਲੇ ਦੇ ਲੋਕਾਂ ਸਾਹਮਣੇ ਲਿਖਤੀ ਮੁਆਫੀ ਮੰਗੀ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਸਬੰਧੀ ਭਰੋਸਾ ਦਿਵਾਇਆ। ਇਸ ਤੋਂ ਬਾਅਦ ਬੀਐੱਲਓ ਯੂਨੀਅਨ ਦੇ ਆਗੂ ਆਗੂਆਂ ਵੱਲੋਂ ਕੁਸ਼ਲ ਕੁਮਾਰ ਦੀ ਸਹਿਮਤੀ ’ਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਫੈਸਲਾ ਲਿਆ।
ਇਸ ਮੌਕੇ ਮੌਜੂਦ ਬੀਐੱਲਓ ਯੂਨੀਅਨ ਦੇ ਆਗੂਆਂ ਅਤੇ ਕੁਸ਼ਲ ਕੁਮਾਰ ਨੇ ਇਸ ਘਟਨਾ ’ਤੇ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਮੁੱਖ ਚੋਣ ਕਮਿਸ਼ਨਰ ਪੰਜਾਬ, ਡਿਪਟੀ ਕਮਿਸ਼ਨਰ ਕਪੂਰਥਲਾ, ਐੱਸਡੀਐੱਮ ਕਪੂਰਥਲਾ ਅਤੇ ਐੱਸਐੱਚਓ ਥਾਣਾ ਸਿਟੀ ਕਪੂਰਥਲਾ ਦਾ ਧੰਨਵਾਦ ਕੀਤਾ। ਇਸ ਮੌਕੇ ਬੀਐੱਲਓ ਯੂਨੀਅਨ ਵੱਲੋਂ ਸਰਪ੍ਰਸਤ ਬਲਵਿੰਦਰ ਭੰਡਾਲ, ਜ਼ਿਲ੍ਹਾ ਜਨਰਲ ਸਕੱਤਰ ਨਿਸ਼ਾਂਤ ਕੁਮਾਰ, ਸੀਨੀਅਰ ਸਲਾਹਕਾਰ ਤਜਿੰਦਰ ਸਿੰਘ ਅਲਾਉਦੀਪੁਰ, ਪੰਕਜ ਬਾਬੂ, ਮਨਦੀਪ ਸਿੰਘ, ਦੀਪਕ ਕੁਮਾਰ ਆਨੰਦ, ਦੀਪਕ ਚੰਦ ਪੀਟੀਯੂ, ਜੀਵਨ ਜੋਤ ਮੱਲ੍ਹੀ, ਪ੍ਰਮੋਦ ਠਾਕੁਰ, ਰਮੇਸ਼ ਕੁਮਾਰ ਭੇਟ, ਮਹਾਵੀਰ, ਅਜੇ ਕੁਮਾਰ, ਰਾਮ ਕੁਮਾਰ, ਹਰਜਿੰਦਰ ਸਿੰਘ ਹੈਰੀ, ਗੁਰਜੀਤ ਸਿੰਘ, ਅਮਨ ਸੂਦ, ਕਮਲਜੀਤ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਰੇਸ਼ਮ ਸਿੰਘ ਜੈਨਪੂਰੀ ਆਦਿ ਮੌਜੂਦ ਸਨ।