ਵਿਆਹਾਂ ਦੇ ਸੀਜ਼ਨ ਦੌਰਾਨ ਨਵੇਂ ਨੋਟਾਂ ਦੀ ਕਾਲਾਬਾਜ਼ਾਰੀ ਜ਼ੋਰਾਂ ’ਤੇ : ਕੁਲਦੀਪ ਸਿੰਘ ਸ਼ਗਨ ਦੇ ਹਾਰਾ ਦੇ ਨਾਮ ਲੋਕਾਂ ਨੂੰ ਦੀਆਂ ਜੇਬਾਂ ਤੇ ਡਾਕਾ : ਕੁਲਦੀਪ ਸਿੰਘ
Publish Date: Sun, 29 Nov 2026 09:01 PM (IST)
Updated Date: Sun, 29 Nov 2026 09:01 PM (IST)
ਬੈਂਕ ਖਾਲੀ ਪਰ ਦੁਕਾਨਾਂ ’ਤੇ 1,500 ਰੁਪਏ ’ਚ ਮਿਲ ਰਹੀ 10 ਰੁਪਏ ਦੇ ਨੋਟਾਂ ਦੀ ਇੱਕ ਗੱਡੀ ਸ਼ਗਨ ਦੇ ਹਾਰਾਂ ਦੇ ਨਾਮ ’ਤੇ ਲੋਕਾਂ ਦੀਆਂ ਜੇਬਾਂ ’ਤੇ ਮਾਰਿਆ ਜਾ ਰਿਹਾ ਡਾਕਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਆਹਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਵਿੱਚ ਭਾਰੀ ਰੌਣਕ ਹੈ, ਪਰ ਨਵੇਂ ਕਰੰਸੀ ਨੋਟਾਂ ਦੀ ਘਾਟ ਕਾਰਨ ਵਿਆਹਾਂ ਦੀ ਤਿਆਰੀ ਕਰ ਰਹੇ ਪਰਿਵਾਰਾਂ ਦੀ ਜੇਬ ਢਿੱਲੀ ਕਰ ਦਿੱਤੀ ਹੈ। ਬੈਂਕਾਂ ਵਿੱਚ ਨਵੇਂ ਨੋਟਾਂ ਦੇ ਬੰਡਲ ਨਾ ਮਿਲਣ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਪੂਜਾ ਸਮੱਗਰੀ ਦੀਆਂ ਦੁਕਾਨਾਂ ’ਤੇ ਹਾਰ ਵੇਚਣ ਵਾਲੀਆਂ ਦੁਕਾਨਾਂ ’ਤੇ ਵਾਧੂ ਕੀਮਤ ’ਤੇ ਆਸਾਨੀ ਨਾਲ ਮਿਲ ਰਹੇ ਹਨ। 10 ਤੇ 20 ਰੁਪਏ ਦੇ ਨੋਟਾਂ ਲਈ ਵੀ ਵਾਧੂ ਪੈਸੇ ਮੰਗੇ ਜਾ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ। ਇਹ ਗੱਲ ਕੌਂਸਲਰ ਕੁਲਦੀਪ ਸਿੰਘ ਨੇ ਐਤਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਹੀ। ਉਨ੍ਹਾਂ ਦੱਸਿਆ ਕਿ ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ, ਵਿਰਾਸਤੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਭਾਰਤੀ ਕਰੰਸੀ ਦੇ ਨਵੇਂ ਨੋਟਾਂ ਤੇ ਸ਼ਗਨ ਦੇ ਹਾਰਾਂ (ਕਰੰਸੀ ਨੋਟਾਂ ਨਾਲ ਬਣੇ ਹਾਰ) ਦੀ ਕਥਿਤ ਕਾਲਾਬਾਜ਼ਾਰੀ ਜ਼ੋਰਾਂ ’ਤੇ ਹੈ। ਇੱਕ ਪਾਸੇ ਤਾਂ ਆਮ ਲੋਕਾਂ ਨੂੰ ਬੈਂਕ ਸ਼ਾਖਾਵਾਂ ਤੋਂ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਨਵੇਂ ਕਰੰਸੀ ਨੋਟ ਉਪਲਬਧ ਨਹੀਂ ਹਨ, ਜਦਕਿ ਦੂਜੇ ਪਾਸੇ, ਇਹੀ ਨੋਟ ਬਾਜ਼ਾਰ ਦੀਆਂ ਦੁਕਾਨਾਂ ’ਤੇ ਖੁੱਲ੍ਹੇਆਮ ਮਨਮਾਨੀਆਂ ਕੀਮਤਾਂ ’ਤੇ ਵੇਚੇ ਜਾ ਰਹੇ ਹਨ। ਇਸ ਕਾਰਨ ਵਿਆਹ-ਸ਼ਾਦੀਆਂ ਦੀ ਤਿਆਰੀ ਕਰ ਰਹੇ ਪਰਿਵਾਰਾਂ ’ਤੇ ਬੇਲੋੜਾ ਵਾਧੂ ਵਿੱਤੀ ਬੋਝ ਪੈ ਰਿਹਾ ਹੈ। ਕੌਂਸਲਰ ਕੁਲਦੀਪ ਸਿੰਘ ਨੇ ਇਸ ਮੁੱਦੇ ਨੂੰ ਉਜਾਗਰ ਕਰਦਿਆਂ ਕਿਹਾ ਕਿ ਦੁਕਾਨਦਾਰ ਲਾੜਿਆਂ ਦੁਆਰਾ ਪਹਿਨੇ ਜਾਣ ਵਾਲੇ ਨੋਟਾਂ ਦੇ ਹਾਰਾਂ ਦੀ ਮੰਗ ਦਾ ਫਾਇਦਾ ਉਠਾ ਕੇ ਗਾਹਕਾਂ ਤੋਂ ਬਹੁਤ ਜ਼ਿਆਦਾ ਮੁਨਾਫਾ ਕਮਾ ਰਹੇ ਹਨ। ਬਾਜ਼ਾਰ ਵਿੱਚ, 10-10 ਰੁਪਏ ਦੇ ਸੌ ਨੋਟਾਂ ਨਾਲ ਬਣਿਆ ਇੱਕ ਹਾਰ ਜਿਸ ਦੀ ਅਸਲ ਕੀਮਤ 1,000 ਰੁਪਏ ਬਣਦੀ ਹੈ 1,500 ਰੁਪਏ ਤੋਂ ਵੱਧ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, 10 ਰੁਪਏ ਦੇ 100 ਨਵੇਂ ਨੋਟਾਂ ਦਾ ਇੱਕ ਬੰਡਲ 1,400 ਰੁਪਏ ਵਿੱਚ ਤੇ ਚੰਗੀ ਹਾਲਤ ਵਾਲੇ ਪੁਰਾਣੇ ਨੋਟਾਂ ਦਾ ਇੱਕ ਬੰਡਲ 1,250 ਰੁਪਏ ਵਿੱਚ ਵੇਚੀ ਜਾ ਰਹੀ ਹੈ। ਇਸੇ ਤਰ੍ਹਾਂ 20 ਰੁਪਏ ਦੇ 100 ਨਵੇਂ ਨੋਟਾਂ ਦਾ ਇੱਕ ਬੰਡਲ (ਜਿਸਦਾ ਮੁੱਲ 2,000 ਰੁਪਏ ਹੈ) 2,300 ਰੁਪਏ ਵਿੱਚ ਤੇ ਪੁਰਾਣੇ ਨੋਟਾਂ ਦਾ ਇੱਕ ਬੰਡਲ 2,150 ਰੁਪਏ ਵਿੱਚ ਵੇਚੀ ਜਾ ਰਹੀ ਹੈ। ਇਸ ਪੂਰੇ ਘਟਨਾਕ੍ਰਮ ਨੇ ਬੈਂਕਾਂ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ; ਜੇਕਰ ਬੈਂਕਾਂ ਵਿੱਚ ਹੀ ਨਵੀਂ ਕਰੰਸੀ ਉਪਲਬਧ ਨਹੀਂ ਹੈ, ਤਾਂ ਫਿਰ ਨਵੇਂ ਨੋਟਾਂ ਦੇ ਬੰਡਲ ਦੁਕਾਨਦਾਰਾਂ ਤੱਕ ਕਿਵੇਂ ਪਹੁੰਚ ਰਹੇ ਹਨ? ਪ੍ਰਸ਼ਾਸਨ ਦੀ ਚੁੱਪ ’ਤੇ ਚਿੰਤਾ ਜ਼ਾਹਰ ਕਰਦਿਆਂ ਕੌਂਸਲਰ ਕੁਲਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਬੈਂਕ ਅਧਿਕਾਰੀ ਇਸ ਪੂਰੇ ਨੈੱਟਵਰਕ ਦੀ ਨਿਰਪੱਖ ਜਾਂਚ ਕਰਵਾਉਣ ਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਉਨ੍ਹਾਂ ਦੱਸਿਆ ਕਿ ਵਿਆਹ-ਸ਼ਾਦੀਆਂ ਦੌਰਾਨ ਰਸਮਾਂ, ਤੋਹਫ਼ੇ ਦੇਣ ਜਾਂ ਆਮ ਜਸ਼ਨਾਂ ਦੇ ਹਿੱਸੇ ਵਜੋਂ ਨਕਦੀ ਲੁਟਾਉਣ (ਵਰ੍ਹਾਉਣ) ਦੀ ਰਵਾਇਤ ਕਾਰਨ 10, 20 ਤੇ 50 ਰੁਪਏ ਦੇ ਨਵੇਂ ਨੋਟਾਂ ਦੀ ਮੰਗ ਸਿਖਰ ’ਤੇ ਹੈ। ਇਸ ਮੰਗ ਦਾ ਫਾਇਦਾ ਉਠਾਉਂਦੇ ਹੋਏ, ਇਨ੍ਹਾਂ ਕਰੰਸੀ ਨੋਟਾਂ ਦੀ ਕਾਲਾ ਬਜ਼ਾਰੀ ਤੇਜ਼ੀ ਨਾਲ ਫੈਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰੀ ਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਬੈਂਕਾਂ ਦੀਆਂ ਜ਼ਿਆਦਾਤਰ ਸ਼ਾਖਾਵਾਂ ਵਿੱਚ ਘੱਟ ਮੁੱਲ ਵਾਲੇ ਨਵੇਂ ਕਰੰਸੀ ਨੋਟਾਂ ਦੇ ਬੰਡਲ ਉਪਲਬਧ ਨਹੀਂ ਹਨ; ਕਈ ਥਾਵਾਂ ’ਤੇ ਤਾਂ ਗਾਹਕਾਂ ਨੂੰ 100, 200 ਤੇ 500 ਰੁਪਏ ਦੇ ਨਵੇਂ ਨੋਟ ਵੀ ਨਹੀਂ ਮਿਲ ਰਹੇ। ਇਸ ਦੇ ਉਲਟ, ਸ਼ਹਿਰ ਦੇ ਬਾਜ਼ਾਰਾਂ ਵਿੱਚ ਕਰੰਸੀ ਨੋਟਾਂ ਦੇ ਹਾਰ ਵੇਚਣ ਵਾਲਿਆਂ ਕੋਲ ਇਨ੍ਹਾਂ ਨਵੇਂ ਨੋਟਾਂ ਦੇ ਬੰਡਲ ਮੌਜੂਦ ਹਨ। ਉੱਥੇ,10 ਰੁਪਏ ਦੇ ਨੋਟਾਂ ਦਾ ਇੱਕ ਬੰਡਲ 1,500 ਰੁਪਏ ਵਿੱਚ ਤੇ 20 ਰੁਪਏ ਦੇ ਨੋਟਾਂ ਦਾ ਇੱਕ ਬੰਡਲ 2,500 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ, ਜਦਕਿ 50 ਰੁਪਏ ਦੇ ਨੋਟਾਂ ਦੀ ਗੁੱਛੀ ਲਈ 500 ਰੁਪਏ ਵਾਧੂ ਵਸੂਲੇ ਜਾ ਰਹੇ ਹਨ। ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ, ਕਰੰਸੀ ਨੂੰ ਉਸਦੇ ਅੰਕਿਤ ਮੁੱਲ ਤੋਂ ਵੱਧ ਕੀਮਤ ’ਤੇ ਵੇਚਣਾ ਗੈਰ-ਕਾਨੂੰਨੀ ਹੈ, ਫਿਰ ਵੀ ਠੋਸ ਕਾਰਵਾਈ ਨਾ ਹੋਣ ਕਾਰਨ ਕਾਲੇ ਬਾਜ਼ਾਰ ਦਾ ਇਹ ਕਾਰੋਬਾਰ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਹੈ।