ਪੰਜਾਬ ਬੰਦ ਨੂੰ ਬੀਕੇਯੂ ਦੁਆਬਾ ਤੇ ਅਕਾਲ ਸਟੂਡੈਂਟ ਫੈਡਰੇਸ਼ਨ ਵੱਲੋਂ ਪੂਰਨ ਸਮਰਥਨ
21 ਅਗਸਤ ਦੇ ਪੰਜਾਬ ਬੰਦ ਨੂੰ ਬੀਕੇਯੂ ਦੁਆਬਾ ਤੇ ਅਕਾਲ ਸਟੂਡੈਂਟ ਫੈਡਰੇਸ਼ਨ ਵੱਲੋਂ ਪੂਰਨ ਸਮਰਥਨ
Publish Date: Thu, 20 Aug 2026 09:02 PM (IST)
Updated Date: Thu, 20 Aug 2026 09:06 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਬੀਤੇ ਕਈ ਦਹਾਕਿਆਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਸੱਦੇ ਨੂੰ ਭਾਰਤੀ ਕਿਸਾਨ ਯੂਨੀਅਨ ਦੁਆਬਾ ਅਤੇ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਵੱਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਅਕਾਲ ਸਟੂਡੈਂਟ ਫੈਡਰੇਸ਼ਨ ਦੇ ਮਨਜੀਤ ਸਿੰਘ ਖਾਲਸਾ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਗੁਰਪਾਲ ਸਿੰਘ ਪਾਲਾ ਨੇ ਫਗਵਾੜਾ ਸ਼ਹਿਰ ਵਾਸੀਆਂ ਨੂੰ 21 ਅਗਸਤ ਦੇ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਇਸ ਬੰਦ ਦੇ ਸੱਦੇ ਤਹਿਤ ਫਗਵਾੜਾ ਸ਼ਹਿਰ ਵਿੱਚ ਦੁਕਾਨਾਂ, ਸਕੂਲ ਅਤੇ ਕਾਲਜ ਬੰਦ ਰੱਖ ਕੇ ਆਪਣਾ ਸਮਰਥਨ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਦਾ ਮਾਮਲਾ ਲੰਮੇ ਸਮੇਂ ਤੋਂ ਉਠਾਇਆ ਜਾ ਰਿਹਾ ਹੈ। ਉਨ੍ਹਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ 21 ਅਗਸਤ ਨੂੰ ਬੰਦ ਦੌਰਾਨ ਸ਼ਾਂਤਮਈ ਢੰਗ ਨਾਲ ਸਹਿਯੋਗ ਕਰਦਿਆਂ ਕੌਮੀ ਇਨਸਾਫ ਮੋਰਚੇ ਦੀ ਮੰਗ ਦਾ ਸਮਰਥਨ ਕੀਤਾ ਜਾਵੇ। ਇਸ ਮੌਕੇ ਗੁਰਪਾਲ ਸਿੰਘ ਪਾਲਾ, ਮਨਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ ਸਰਪੰਚ ਅਠੌਲੀ ਆਦਿ ਹਾਜ਼ਰ ਸਨ।