ਭਗਤ ਸਿੰਘ ਹਮੇਸ਼ਾਂ ਜਵਾਨ ਰਹੇਗਾ : ਨੀਟੂ
ਭਾਜਪਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਦਿੱਤੀ ਸ਼ਰਧਾਂਜਲੀ
Publish Date: Tue, 24 Mar 2026 07:29 PM (IST)
Updated Date: Tue, 24 Mar 2026 07:31 PM (IST)
ਭਾਜਪਾ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਹਲਕਾ ਇੰਚਾਰਜ ਭਾਜਪਾ ਰਾਕੇਸ਼ ਨੀਟੂ ਦੀ ਅਗਵਾਈ ਹੇਠ ਭਾਜਪਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ’ਤੇ ਫੁੱਲ ਅਰਪਣ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਲਕਾ ਇੰਚਾਰਜ ਭਾਜਪਾ ਰਾਕੇਸ਼ ਨੀਟੂ ਨੇ ਕਿਹਾ ਕਿ ਜਿਸ ਦੇ ਹੌਂਸਲੇ ਨਾਲ ਆਜ਼ਾਦੀ ਦਾ ਸੂਰਜ ਮੁਸਕਾਇਆ ਹੈ, ਉਨ੍ਹਾਂ ਵੀਰਾਂ ਦੇ ਬਲੀਦਾਨ ਨੂੰ ਹਰ ਯੁਗ ਨੇ ਸੀਸ ਝੁਕਾਇਆ ਹੈ। ਉਸ ਸ਼ਹੀਦ ਨੂੰ ਅੱਜ ਸ਼ਰਧਾਂਜਲੀ ਦਿੰਦੇ ਹੋਏ ਹਰ ਅੱਖ ਨਮ ਹੋ ਜਾਂਦੀ ਹੈ ਤੇ ਸੀਨਾ ਫਖਰ ਨਾਲ ਉੱਚਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਇਸ ਪ੍ਰਵਾਨੇ ਨੇ ਹੀ ਅੰਗਰੇਜ਼ਾਂ ਨੂੰ ਲਲਕਾਰ ਕੇ ਭਾਰਤ ਦੀ ਆਜ਼ਾਦੀ ਦਾ ਮੁੱਢ ਬੰਨਿਆ ਸੀ। ਨੀਟੂ ਨੇ ਕਿਹਾ ਕਿ ਅੱਜ ਅਸੀਂ ਇਨ੍ਹਾਂ ਸ਼ਹੀਦਾਂ ਦੇ ਬਲਿਦਾਨ ਦੀ ਬਦੌਲਤ ਹੀ ਸ਼ਾਨ ਨਾਲ ਜੀ ਰਹੇ ਹਾਂ। ਸ਼ਹੀਦ ਭਗਤ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਸੀ ਜਿਸ ਨੇ ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਨੂੰ ਚੁੰਮਿਆ। ਉਨ੍ਹਾਂ ਕਿਹਾ ਕਿ ਅੱਜ ਤੇ ਆਉਣ ਵਾਲੇ ਸਮੇਂ ਵਿਚ ਲੱਖਾਂ ਲੋਕ ਜਨਮ ਲੈਣਗੇ, ਜਵਾਨ ਹੋਣਗੇ ਬੁੱਢੇ ਹੋਣਗੇ ਤੇ ਮੌਤ ਵੱਲ ਵਧਣਗੇ ਪਰ ਭਗਤ ਸਿੰਘ ਹਮੇਸ਼ਾਂ ਜਵਾਨ ਰਹੇਗਾ। ਮੰਡਲ ਭਾਜਪਾ ਪ੍ਰਧਾਨ ਡਾ. ਰਕੇਸ਼ ਪੁਰੀ ਨੇ ਕਿਹਾ ਕਿ ਅੱਜ ਸਾਨੂੰ ਭਗਤ ਸਿੰਘ ਦੇ ਪੂਰਨਿਆਂ ’ਤੇ ਚੱਲਣ ਦੀ ਜ਼ਰੂਰਤ ਹੈ, ਜਿਹੜੇ ਕੱਲ ਵੀ ਸੱਚ ਸਨ ਤੇ ਹਮੇਸ਼ਾ ਸੱਚ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ’ਤੇ ਚੱਲ ਕੇ ਸਮਾਜ ਤੇ ਦੇਸ਼ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਰਾਕੇਸ਼ ਨੀਟੂ, ਮੰਡਲ ਪ੍ਰਧਾਨ ਡਾ. ਰਕੇਸ਼ ਪੁਰੀ, ਡਿੰਪਲ ਟੰਡਨ, ਅਸ਼ੋਕ ਕਨੋਜੀਆ ਮਿੰਟੂ ਜੈਨ, ਚਤਰ ਸਿੰਘ ਜੋਸਨ, ਪੰਡਿਤ ਲਸ਼ਮਣ ਪ੍ਰਸਾਦ, ਬਾਬਾ ਬਲੌਰੀ, ਗੋਰਾ ਗੁਜਰਾਲ, ਸੋਨੂ ਸ਼ਾਹ, ਭਜਨ ਚੁੰਨੀਆਂ ਵਾਲਾ ਆਦਿ ਹਾਜ਼ਰ ਸਨ।