ਫਗਵਾੜਾ ’ਚ ਨਵੇਂ ਭਾਜਪਾ ਪੰਜਾਬ ਪ੍ਰਧਾਨ ਦਾ ਹੋਇਆ ਭਰਵਾਂ ਸਵਾਗਤ
ਫਗਵਾੜਾ ਵਿੱਚ ਭਾਜਪਾ ਆਗੂਆਂ ਵੱਲੋਂ ਨਵ-ਨਿਯੁਕਤ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਭਰਵਾਂ ਸਵਾਗਤ
Publish Date: Sat, 30 May 2026 09:37 PM (IST)
Updated Date: Sat, 30 May 2026 09:38 PM (IST)

---ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਨਿਵਾਸ ਤੇ ਵਿਸ਼ੇਸ਼ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਹੋਈ ਚਰਚਾ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਵਿਚ ਨਵੀਆਂ ਨਿਯੁਕਤੀਆਂ ਤੋਂ ਬਾਅਦ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ ਫਗਵਾੜਾ ਵਿਖੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਿਵਾਸ ਸਥਾਨ ਤੇ ਭਾਜਪਾ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ, ਜਿਸ ਦੌਰਾਨ ਨਵ-ਨਿਯੁਕਤ ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਪਿਯੂਸ਼ ਮਨਚੰਦਾ ਨੇ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਵਧਾਈ ਦਿੱਤੀ। ਮੀਟਿੰਗ ਦੌਰਾਨ ਪੰਜਾਬ ਵਿਚ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਵਰਕਰਾਂ ਨੂੰ ਜ਼ਮੀਨੀ ਪੱਧਰ ਤੇ ਸਰਗਰਮ ਕਰਨ ਤੇ ਆਉਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਵਿਚ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ, ਸੀਨੀਅਰ ਭਾਜਪਾ ਆਗੂ ਰਾਜੇਸ਼ ਪਾਸੀ, ਧਰਮਪਾਲ ਮਹਾਜਨ, ਨਿਤਿਨ ਚੱਢਾ ਸਮੇਤ ਕਈ ਹੋਰ ਭਾਜਪਾ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ। ਸਾਰੇ ਆਗੂਆਂ ਨੇ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਕੇਵਲ ਸਿੰਘ ਢਿੱਲੋਂ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਭਾਜਪਾ ਅੱਜ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਵਜੋਂ ਉਭਰ ਚੁੱਕੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਪੰਜਾਬ ਵਿਚ ਭਾਜਪਾ ਸੰਗਠਨ ਨੂੰ ਨਵੀਂ ਮਜ਼ਬੂਤੀ ਮਿਲੇਗੀ ਤੇ ਪਾਰਟੀ ਆਪਣੀਆਂ ਨੀਤੀਆਂ ਤੇ ਲੋਕ-ਭਲਾਈ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਏਗੀ। ਐਡਵੋਕੇਟ ਪਿਯੂਸ਼ ਮਨਚੰਦਾ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਤਜਰਬੇਕਾਰ ਤੇ ਮਜ਼ਬੂਤ ਲੀਡਰਸ਼ਿਪ ਵਾਲੇ ਆਗੂ ਹਨ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਪੰਜਾਬ ਵਿਚ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਉਦੇਸ਼ ਲੋਕਾਂ ਦੀ ਸੇਵਾ ਕਰਨਾ ਤੇ ਪੰਜਾਬ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਣਾ ਹੈ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਵੀ ਪਾਰਟੀ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਹੀ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਪਾਰਟੀ ਲਗਾਤਾਰ ਅੱਗੇ ਵਧ ਰਹੀ ਹੈ।