2027 ਚੋਣਾਂ ਲਈ ਭਾਜਪਾ ਨੇ ਤੇਜ਼ ਕੀਤੀਆਂ ਸਰਗਰਮੀਆਂ 2027 ਚੋਣਾਂ ਲਈ ਭਾਜਪਾ ਦੀਆਂ ਸਰਗਰਮੀਆਂ ਤੇਜ, ਜ਼ਿਲ੍ਹਾ ਇੰਚਾਰਜ ਡਾ. ਰਾਜੀਵ ਭਾਰਦਵਾਜ ਨੇ ਫਗਵਾੜਾ ’ਚ ਕੀਤੀ ਮੀਟਿੰਗ
Publish Date: Tue, 24 Nov 2026 06:44 PM (IST)
Updated Date: Tue, 24 Nov 2026 06:46 PM (IST)
ਜ਼ਿਲ੍ਹਾ ਇੰਚਾਰਜ ਡਾ. ਰਾਜੀਵ ਭਾਰਦਵਾਜ ਨੇ ਫਗਵਾੜਾ ’ਚ ਕੀਤੀ ਮੀਟਿੰਗ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਭਾਜਪਾ ਦੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਸੰਸਦ ਮੈਂਬਰ ਡਾ. ਰਾਜੀਵ ਭਾਰਦਵਾਜ, ਜਿਨ੍ਹਾਂ ਨੂੰ ਜ਼ਿਲ੍ਹਾ ਕਪੂਰਥਲਾ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਨੇ ਅੱਜ ਫਗਵਾੜਾ ਵਿਖੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਗ੍ਰਹਿ ਵਿਖੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੇ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਚੇਤਨ ਸੂਰੀ ਵੀ ਉਚੇਰੇ ਤੌਰ ’ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ, ਪਾਰਟੀ ਦੀ ਜਥੇਬੰਦਕ ਮਜ਼ਬੂਤੀ ਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ ਵਧਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੀਵ ਭਾਰਦਵਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਜ਼ਨ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦਾ ਹੈ, ਜਿਸ ਵਿੱਚ ਦੇਸ਼ ਦੇ ਹਰੇਕ ਸੂਬੇ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੋਣ ਦੇ ਨਾਤੇ ਦੇਸ਼ ਦੀ ਸੁਰੱਖਿਆ, ਆਰਥਿਕਤਾ ਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਇਸ ਲਈ ਪੰਜਾਬ ਦਾ ਮਜ਼ਬੂਤ ਤੇ ਵਿਕਸਿਤ ਹੋਣਾ ਦੇਸ਼ ਦੀ ਤਰੱਕੀ ਲਈ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ਵਿੱਚ ਪੰਜਾਬ ਤੇ ਪੰਜਾਬੀਆਂ ਲਈ ਵਿਸ਼ੇਸ਼ ਸਤਿਕਾਰ ਤੇ ਪਿਆਰ ਹੈ। ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਇੱਕ ਸਮੇਂ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਰਿਹਾ ਹੈ, ਪਰ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਕਈ ਪੱਖਾਂ ਤੋਂ ਨੁਕਸਾਨ ਝੱਲਣਾ ਪਿਆ ਹੈ। ਸਾਂਪਲਾ ਨੇ ਪੰਜਾਬ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਤੇ ਨਸ਼ਿਆਂ ਦੇ ਗੰਭੀਰ ਜਾਲ ਵਿੱਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ਤੋਂ ਬਾਅਦ ਪੰਜਾਬ ਲਈ ਇਹ ਇੱਕ ਬਹੁਤ ਹੀ ਚਿੰਤਾਜਨਕ ਸਮਾਂ ਹੈ, ਕਿਉਂਕਿ ਨਸ਼ਿਆਂ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਵਿਜੇ ਸਾਂਪਲਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਤੇ ਬੂਥ ਪੱਧਰ ’ਤੇ ਵੋਟਰਾਂ ਤੱਕ ਪਹੁੰਚ ਕਰਕੇ ਭਾਜਪਾ ਦੀਆਂ ਨੀਤੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਵਿਜ਼ਨ ਤੇ ਪੰਜਾਬ ਲਈ ਪਾਰਟੀ ਦੀ ਸੋਚ ਬਾਰੇ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ ਪੰਜਾਬ ਵਿੱਚ ਭਾਜਪਾ ਦੀ ਮਜ਼ਬੂਤ ਸਰਕਾਰ ਬਣਾਉਣ ਲਈ ਸਾਰੇ ਵਰਕਰਾਂ ਵਲੋਂ ਇਕਜੁੱਟ ਹੋ ਕੇ ਮਿਹਨਤ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਤੇ ਫਗਵਾੜਾ ਦੇ ਭਾਜਪਾ ਵਿਸਤਾਰਕ ਰਿਪਨ ਜੈਨ ਨੇ ਵੀ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਤੇ ਆਉਣ ਵਾਲੀਆਂ ਚੋਣਾਂ ਲਈ ਵਰਕਰਾਂ ਦੀ ਸਰਗਰਮ ਭੂਮਿਕਾ ਬਾਰੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਚੋਣਾਂ ਦੀ ਤਿਆਰੀ ਸਿਰਫ਼ ਚੋਣਾਂ ਦੇ ਸਮੇਂ ਨਹੀਂ, ਸਗੋਂ ਹੁਣ ਤੋਂ ਹੀ ਹਰ ਬੂਥ ਤੇ ਹਰ ਵਾਰਡ ਵਿੱਚ ਲੋਕਾਂ ਨਾਲ ਨਿਰੰਤਰ ਸੰਪਰਕ ਬਣਾਉਣ ਰਾਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਜਥੇਬੰਦਕ ਤੌਰ ’ਤੇ ਸਰਗਰਮ ਰਹਿਣ। ਮੀਟਿੰਗ ਵਿੱਚ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਭੱਦਰ ਸੈਨ ਦੁੱਗਲ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਤੇਜਸਵੀ ਭਾਰਦਵਾਜ, ਸੀਨੀਅਰ ਆਗੂ ਰਮੇਸ਼ ਸਚਦੇਵਾ, ਮਹਿੰਦਰ ਥਾਪਰ, ਕਿਸ਼ਨ ਬਜਾਜ, ਅਸ਼ੋਕ ਦੁੱਗਲ, ਰਜਨੀ ਬਾਲਾ, ਭਾਰਤੀ ਸ਼ਰਮਾ, ਬਲਵਿੰਦਰ ਠਾਕੁਰ, ਕੁਲਦੀਪ ਮਾਹੀ, ਪ੍ਰਮੋਦ ਮਿਸ਼ਰਾ, ਬੱਲੂ ਵਾਲੀਆ, ਰਾਜਕੁਮਾਰ ਰਾਣਾ, ਚੰਦਾ ਮਿਸ਼ਰਾ, ਵਿਨਾਇਕ ਪਰਾਸ਼ਰ, ਅਨਿਰੁੱਧ ਕੁਮਾਰ, ਸੁਰਿੰਦਰ ਜੌਰਡਨ, ਰਮਨ ਨਹਿਰਾ, ਲੋਕੇਸ਼ ਬਾਲੀ, ਰਜਿੰਦਰ ਵਰਮਾ, ਗਗਨ ਖਰਤੋਲ, ਸਿਧਾਰਥ ਰਾਜ, ਸ਼ੁਕਲਾ ਰਾਏ, ਜਤਿਨ ਰਾਜਪੂਤ, ਸੀਮਾ ਚੱਢਾ, ਅੰਜਲੀ ਪਾਂਡੇ, ਰੀਨਾ ਤੋਂ ਇਲਾਵਾ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।