ਭਾਜਪਾ ਨੇ ਯੂਥ ਆਗੂ ਚੇਤਨ ਸੂਰੀ ਨੂੰ ਸੌਂਪੀ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਮਾਨ ਭਾਜਪਾ ਨੇ ਯੂਥ ਆਗੂ ਚੇਤਨ ਸੂਰੀ ਨੂੰ ਸੌਂਪੀ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਮਾਨ
Publish Date: Sat, 18 Jul 2026 09:38 PM (IST)
Updated Date: Sat, 18 Jul 2026 09:40 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸਾਲ 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਇਸੇ ਕੜੀ ਤਹਿਤ ਕਪੂਰਥਲਾ ਭਾਜਪਾ ਦੀ ਕਮਾਨ ਨੌਜਵਾਨ ਆਗੂ ਚੇਤਨ ਸੂਰੀ ਨੂੰ ਸੌਂਪੀ ਗਈ ਹੈ, ਜਦਕਿ ਜਲੰਧਰ ਅਰਬਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਅਸ਼ੋਕ ਸਰੀਨ ਹਿੱਕੀ ਨੂੰ ਨਿਯੁਕਤ ਕੀਤਾ ਗਿਆ ਹੈ। ਨੌਜਵਾਨ ਆਗੂ ਐਡਵੋਕੇਟ ਪਿਯੂਸ਼ ਮਨਚੰਦਾ ਨੇ ਦੋਵੇਂ ਆਗੂਆਂ ਨੂੰ ਵਧਾਈ ਦਿੱਤੀ। ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਲੰਬੇ ਸਮੇਂ ਤੋਂ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਆਪਣੇ ਸਮਾਜ ਸੇਵਾ ਦੇ ਸਫ਼ਰ ਦੀ ਸ਼ੁਰੂਆਤ ਸਾਲ 2001 ਵਿੱਚ ਬਜਰੰਗ ਦਲ ਨਾਲ ਕੀਤੀ ਅਤੇ ਸਾਲ 2015 ਤੱਕ ਸਰਗਰਮ ਮੈਂਬਰ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗਊਸ਼ਾਲਾ ਕਮੇਟੀ ਕਪੂਰਥਲਾ ਦੇ ਵਾਈਸ ਪ੍ਰਧਾਨ, ਨਸ਼ਾ ਛੁਡਾਓ ਮੰਚ ਦੇ ਵਾਈਸ ਚੇਅਰਮੈਨ ਅਤੇ ਜਨ ਸੇਵਾ ਸੰਗਠਨ ਕਪੂਰਥਲਾ ਦੇ ਵਾਈਸ ਚੇਅਰਮੈਨ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਚੇਤਨ ਸੂਰੀ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਆਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਸਾਲ 2015 ਤੋਂ 2020 ਤੱਕ ਭਾਜਪਾ ਦੀ ਟਿਕਟ ’ਤੇ ਕੌਂਸਲਰ ਵਜੋਂ ਚੁਣੇ ਜਾਣ ਉਪਰੰਤ ਲੋਕ ਸੇਵਾ ਕੀਤੀ। ਭਾਜਪਾ ਸੰਗਠਨ ਵਿੱਚ ਵੀ ਉਨ੍ਹਾਂ ਨੇ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਸਾਲ 2018 ਤੋਂ 2019 ਤੱਕ ਉਹ ਜ਼ਿਲ੍ਹਾ ਜਨਰਲ ਸਕੱਤਰ ਰਹੇ ਅਤੇ ਸਾਲ 2021 ਤੋਂ 2022 ਤੱਕ ਕਪੂਰਥਲਾ ਮੰਡਲ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਭਾਜਪਾ ਹਾਈ ਕਮਾਨ ਵੱਲੋਂ ਸੂਰੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਵਰਕਰਾਂ ਵਿੱਚ ਇਸ ਨਿਯੁਕਤੀ ਨੂੰ ਲੈ ਕੇ ਕਾਫ਼ੀ ਉਤਸ਼ਾਹ ਦਾ ਮਾਹੌਲ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਣਜੀਤ ਸਿੰਘ ਖੋਜੇਵਾਲ ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਨੇ ਚੇਤਨ ਸੂਰੀ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਰੇ ਮਿਲ ਕੇ ਕੰਮ ਕਰਨਗੇ।