750 ਕਿਸਾਨਾਂ ਦੇ ਕਾਤਲਾਂ ਨਾਲ ਗੱਠਜੋੜ ਕਿਵੇਂ ਕੀਤਾ : ਇੰਡੀਅਨ 750 ਕਿਸਾਨਾਂ ਦੀਆਂ ਲਾਸ਼ਾਂ ਲੰਘ ਕੇ ਬੀਜੇਪੀ ਨਾਲ ਗਠਜੋੜ ਕਰਨ ਵਾਲੇ ਅਕਾਲੀ ਦਲ ਨੂੰ ਆਪ ਆਗੂ ਇੰਡੀਅਨ ਦੇ ਸਿੱਧੇ ਸਵਾਲ
Publish Date: Tue, 24 Nov 2026 08:56 PM (IST)
Updated Date: Tue, 24 Nov 2026 08:58 PM (IST)
--ਕਿਹਾ-ਭਾਜਪਾ ਨੇ ਅਕਾਲੀ-ਭਾਜਪਾ ਗਠਜੋੜ ਬਹਾਲ ਦੇ ਬਦਲੇ ਸੁਖਬੀਰ ਬਾਦਲ ਨੂੰ ਬੇਅਦਬੀ ਮਾਮਲਿਆਂ ਚ ਸੁਰੱਖਿਆ ਦਾ ਦਿੱਤਾ ਭਰੋਸਾ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ’ਤੇ 750 ਕਿਸਾਨਾਂ ਦੀ ਕਾਤਲ ਭਾਜਪਾ ਨਾਲ ਗੱਠਜੋੜ ਕਰਨ ਵਾਲੀ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਕਦੇ ਮਾਫ ਨਹੀਂ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕਹੀ। ਉਨ੍ਹਾਂ ਕਿਹਾ ਕਿ ਭਾਜਪਾ-ਅਕਾਲੀ ਗੱਠਜੋੜ ਪੰਜਾਬ ਦੇ ਹਿੱਤਾਂ ਦੀ ਕੀਮਤ ’ਤੇ ਸਿਆਸੀ ਬਚਾਅ ਦਾ ਇੱਕ ਸੌਦਾ ਹੈ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੇ ਯਤਨਾਂ ਸਮੇਤ ਭਾਜਪਾ ਦੇ ਸਿਆਸੀ ਏਜੰਡੇ ਦਾ ਸਮਰਥਨ ਕਰਨ ਦੇ ਬਦਲੇ ਬੇਅਦਬੀ ਤੇ ਗੋਲੀਕਾਂਡ ਦੇ ਮਾਮਲਿਆਂ ਤੋਂ ਬਚਣ ਲਈ ਭਾਜਪਾ ਦੀ ਸ਼ਹਿ ਮੰਗ ਰਹੇ ਹਨ। ਇੰਡੀਅਨ ਨੇ ਕਿਹਾ ਕਿ ਇਹ ਸਿਆਸੀ ਸੌਦੇਬਾਜ਼ੀ ਬਹੁਤ ਹੀ ਸ਼ਰਮਨਾਕ ਹੈ, ਕਿਉਂਕਿ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਤੇ ਵਾਰ-ਵਾਰ ਹੋਈ ਬੇਅਦਬੀ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਗੋਲੀਬਾਰੀ ਭਾਜਪਾ-ਅਕਾਲੀ ਸਰਕਾਰ ਦੇ ਸਮੇਂ ਹੀ ਹੋਈ ਸੀ, ਜਦੋਂ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ। ਇੰਡੀਅਨ ਨੇ ਕਿਹਾ ਕਿ ਚੋਰੀ ਤੋਂ ਬਾਅਦ ਵੀ ਸਰਕਾਰ ਉਦੋਂ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਜਦੋਂ ਸਤੰਬਰ 2015 ਵਿੱਚ ਸਿੱਖਾਂ ਨੂੰ ਆਪਣੇ ਚੋਰੀ ਹੋਏ ਗੁਰੂ ਨੂੰ ਲੱਭਣ ਦੀ ਚੁਣੌਤੀ ਦਿੰਦੇ ਹੋਏ ਪੋਸਟਰ ਲਗਾਏ ਗਏ ਸਨ। ਉਨ੍ਹਾਂ ਕਿਹਾ ਸਮੇਂ ਸਿਰ ਕਾਰਵਾਈ ਨਾ ਕਰਨ ਨਾਲ ਅਕਤੂਬਰ ਵਿੱਚ ਹੋਈ ਬੇਅਦਬੀ ਦੇ ਜ਼ਿੰਮੇਵਾਰਾਂ ਦੇ ਹੌਸਲੇ ਬੁਲੰਦ ਹੋਏ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿੰਡੇ ਹੋਏ ਮਿਲੇ, ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਦਾ ਗੱਠਜੋੜ ਹੁਣ ਨੰਗਾ ਹੋ ਚੁੱਕਾ ਹੈ, ਖਾਸ ਕਰਕੇ ਜਦੋਂ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੀ ਜ਼ਿੰਮੇਵਾਰੀ ਕਬੂਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਤੇ ਭਾਜਪਾ ਵਿਚਕਾਰ ਗੰਢਤੁੱਪ ਸੀ ਤੇ ਇਸ ਨੇ ਉਨ੍ਹਾਂ ਦੀ ਪੰਜਾਬ ਵਿਰੋਧੀ, ਪੰਥ ਵਿਰੋਧੀ ਤੇ ਸਿੱਖ ਵਿਰੋਧੀ ਸਿਆਸਤ ਨੂੰ ਬੇਨਕਾਬ ਕਰ ਦਿੱਤਾ ਹੈ। ਇੰਡੀਅਨ ਨੇ ਕਿਹਾ ਕਿ 2020 ਵਿੱਚ ਦਿਖਾਵੇ ਲਈ ਤੋੜਿਆ ਗਿਆ ਗੱਠਜੋੜ ਕਦੇ ਵੀ ਸੱਚਮੁੱਚ ਨਹੀਂ ਟੁੱਟਿਆ ਸੀ। ਉਨ੍ਹਾਂ ਰਾਸ਼ਟਰਪਤੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਲਈ ਅਕਾਲੀ ਦਲ ਦੇ ਸਮਰਥਨ ਤੇ ਸੰਸਦ ਵਿੱਚ ਇੱਕ ਬਿਲ ਲਈ ਉਨ੍ਹਾਂ ਦੇ ਇਕਲੌਤੇ ਐੱਮਪੀ ਦੀ ਵੋਟ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਅੱਜ ਐੱਮਐੱਸਪੀ, ਖੇਤੀ ਕਾਨੂੰਨਾਂ ਜਾਂ ਸਿੱਖ ਮੁੱਦਿਆਂ ਬਾਰੇ ਉਨ੍ਹਾਂ ਦੀਆਂ ਸ਼ਰਤਾਂ ਕਿੱਥੇ ਗਈਆਂ? ਅੱਜ ਉਨ੍ਹਾਂ ਲਈ ਇੱਕੋ-ਇੱਕ ਮਹੱਤਵਪੂਰਨ ਚੀਜ਼ ਇਹ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਇਲਜ਼ਾਮਾਂ ਤੇ ਸਜ਼ਾਵਾਂ ਤੋਂ ਕਿਵੇਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਦਿੱਤੀਆਂ ਕੁਰਬਾਨੀਆਂ ਨੂੰ ਪੰਜਾਬ ਭੁੱਲ ਨਹੀਂ ਸਕਦਾ ਤੇ ਭਾਜਪਾ-ਅਕਾਲੀ ਦੇ ਗਠਜੋੜ ਰਾਹੀਂ ਖੇਤੀ ਕਾਨੂੰਨਾਂ ਨੂੰ ਦੁਬਾਰਾ ਲਿਆਉਣ ਦੀ ਕੋਈ ਵੀ ਕੋਸ਼ਿਸ਼ ਇੱਕ ਵਾਰ ਫਿਰ ਪੰਜਾਬ ਦੇ ਹਿੱਤਾਂ ਤੋਂ ਉੱਪਰ ਸਿਆਸੀ ਹਿੱਤਾਂ ਨੂੰ ਰੱਖੇਗੀ। ਇਸ ਮੌਕੇ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਹੇਨੰਤ ਪੱਥਰੀਆ, ਕੌਂਸਲਰ ਅਨਿਲ ਸ਼ੁਕਲਾ, ਹਰਜੀਤ ਸਿੰਘ ਧਾਵਾਂਖੇ, ਜਸਪਾਲ ਸਿੰਘ ਪਨੇਸਰ, ਸੁਰਿੰਦਰਪਾਲ ਸ਼ਿੰਦਾ ਔਜਲਾ ਆਦਿ ਹਾਜ਼ਰ ਸਨ।