ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
Publish Date: Mon, 07 Sep 2026 09:49 PM (IST)
Updated Date: Mon, 07 Sep 2026 09:52 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਲਾਸਾਨੀ ਕੁਰਬਾਨੀ, ਸੂਰਬੀਰਤਾ ਅਤੇ ਗੁਰੂ ਘਰ ਪ੍ਰਤੀ ਅਟੁੱਟ ਸਮਰਪਣ ਨੂੰ ਯਾਦ ਕਰਦਿਆਂ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਪਾਰਟੀ ਵੱਲੋਂ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਮਾਛੀਜੋਆ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਪਾਰਟੀ ਦੇ ਉਪ ਪ੍ਰਧਾਨ ਕੇਵਲ ਸਿੰਘ ਘਾਰੂ ਤੇ ਯੂਥ ਵਿੰਗ ਦੇ ਪ੍ਰਧਾਨ ਬਲਜਿੰਦਰ ਸਿੰਘ ਥਿੰਦ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਜੱਬੋਵਾਲ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਪਹਿਲਾਂ ਭਾਈ ਜੈਤਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਦਾ ਜੀਵਨ ਸਿੱਖ ਇਤਿਹਾਸ ਵਿੱਚ ਬਹਾਦਰੀ, ਸੇਵਾ ਤੇ ਕੁਰਬਾਨੀ ਦੀ ਇੱਕ ਮਹਾਨ ਮਿਸਾਲ ਹੈ। ਜੱਬੋਵਾਲ ਨੇ ਕਿਹਾ ਕਿ ਜਦੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਮਹਾਨ ਕੁਰਬਾਨੀ ਦਿੱਤੀ ਤਾਂ ਭਾਈ ਜੈਤਾ ਜੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦਿੱਲੀ ਦੇ ਚਾਂਦਨੀ ਚੌਂਕ ਤੋਂ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸੀਸ ਲਿਆ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ। ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਦੀ ਇਸ ਮਹਾਨ ਸੇਵਾ ਅਤੇ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਛਾਤੀ ਨਾਲ ਲਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਮਾਣ ਬਖ਼ਸ਼ਿਆ ਤੇ ਉਨ੍ਹਾਂ ਨੂੰ ਬਾਬਾ ਜੀਵਨ ਸਿੰਘ ਦਾ ਨਾਮ ਦਿੱਤਾ।ਇਸ ਮੌਕੇ ਪਾਰਟੀ ਦੇ ਉਪ ਪ੍ਰਧਾਨ ਕੇਵਲ ਸਿੰਘ ਘਾਰੂ, ਯੂਥ ਵਿੰਗ ਪ੍ਰਧਾਨ ਬਲਜਿੰਦਰ ਸਿੰਘ ਥਿੰਦ, ਜਨਰਲ ਸਕੱਤਰ ਪੰਜਾਬ ਸਵਰਨ ਸਿੰਘ ਸ਼ਾਹ, ਸਰਪੰਚ ਮੁਖਤਿਆਰ ਸਿੰਘ, ਬਹਾਦਰ ਸਿੰਘ, ਸਤਨਾਮ ਸਿੰਘ ਮਲਸੀਆਂ, ਸ਼ਿੰਗਾਰਾ ਸਿੰਘ ਬੱਗਾ, ਤਰਸੇਮ ਸਿੰਘ ਮੋਗਾ, ਹੰਸਰਾਜ, ਦਲੀਪ ਸਿੰਘ, ਸ਼ਿੰਦਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਪਰਮਜੀਤ ਕੌਰ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।