ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਡਾਲਾ ਤੋਂ ਸਜਿਆ ਅਲੌਕਿਕ ਨਗਰ ਕੀਰਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਡਾਲਾ ਤੋਂ ਸਜਿਆ ਅਲੌਕਿਕ ਨਗਰ ਕੀਰਤਨ
Publish Date: Mon, 23 Nov 2026 08:31 PM (IST)
Updated Date: Mon, 23 Nov 2026 08:34 PM (IST)
--ਬੀਬੀ ਜਗੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ, ਪਿੰਡਾਂ ’ਚ ਥਾਂ-ਥਾਂ ਲੱਗੇ ਲੰਗਰ ਅੰਮ੍ਰਿਤਪਾਲ ਬਾਜਵਾ\ਸੁਖਜਿੰਦਰ ਮੁਲਤਾਨੀ, ਪੰਜਾਬੀ ਜਾਗਰਣ ਬੇਗੋਵਾਲ/ ਭੁਲੱਥ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਬਉਲੀ ਸਾਹਿਬ ਪਾਤਸ਼ਾਹੀ ਛੇਵੀਂ ਨਡਾਲਾ ਤੋਂ ਵਿਸ਼ਾਲ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਇਸ ਨਗਰ ਕੀਰਤਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਨਡਾਲਾ ਅੱਡੇ ਤੋਂ ਹੁੰਦਾ ਹੋਇਆ ਬਿਲਪੁਰ, ਖਾਨਪੁਰ, ਬਾਮੂਵਾਲ, ਸ਼ੇਰੂਵਾਲ, ਤਲਵੰਡੀ ਪੁਰਦਲ, ਹੁੱਸੇਵਾਲ, ਤਲਵਾੜਾ, ਮਾਡਲ ਟਾਊਨ, ਦਮੂਲੀਆਂ, ਬੂਲੇਵਾਲ, ਪਸੀਏਵਾਲ ਅਤੇ ਰਾਏਪੁਰ ਰਾਜਪੂਤਾਂ ਸਮੇਤ ਵੱਖ-ਵੱਖ ਪਿੰਡਾਂ ਵਿੱਚੋਂ ਗੁਜ਼ਰਿਆ। ਇਸ ਦੌਰਾਨ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਬਾਅਦ ਵਿੱਚ ਨਗਰ ਕੀਰਤਨ ਵਾਪਸ ਗੁਰਦੁਆਰਾ ਬਉਲੀ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ ਜੀਐੱਨਪੀਕੇਐੱਸ ਪਬਲਿਕ ਸਕੂਲ ਨਡਾਲਾ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਨਡਾਲਾ ਕਾਲਜ, ਪੰਜਾਬ ਨੈਸ਼ਨਲ ਬੈਂਕ ਤੇ ਨਡਾਲਾ ਦੇ ਸਮੂਹ ਦੁਕਾਨਦਾਰਾਂ ਵੱਲੋਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਨਡਾਲਾ ਚੌਕ ਵਿਖੇ ਚੌਕੀ ਇੰਚਾਰਜ ਮਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਵੱਲੋਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ। ਇਸ ਦੇ ਨਾਲ ਹੀ ਪੂਰੇ ਰਸਤੇ ਵਿੱਚ ਆਵਾਜਾਈ ਤੇ ਸੁਰੱਖਿਆ ਦੇ ਸੁਚੱਜੇ ਪ੍ਰਬੰਧ ਕੀਤੇ ਗਏ। ਸਮਾਪਤੀ ਮੌਕੇ ਗੁਰਦੁਆਰਾ ਬਉਲੀ ਸਾਹਿਬ ਦੇ ਮੈਨੇਜਰ ਭਾਈ ਭੁਪਿੰਦਰ ਸਿੰਘ ਨੇ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ, ਪਿੰਡਾਂ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ, ਮੈਨੇਜਰ ਭਾਈ ਭੁਪਿੰਦਰ ਸਿੰਘ, ਡਾ. ਨਰਿੰਦਰ ਪਾਲ ਬਾਵਾ, ਨਗਰ ਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਸੰਦੀਪ ਪਸ਼ਰੀਚਾ, ਅਵਤਾਰ ਸਿੰਘ ਮੁਲਤਾਨੀ, ਪਲਵਿੰਦਰ ਸਿੰਘ ਘੋਤੜਾ, ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਸੂਰਤ ਸਿੰਘ ਮੁਲਤਾਨੀ, ਮਨਜਿੰਦਰ ਸਿੰਘ ਲਾਡੀ, ਸੰਦੀਪ ਕੁਮਾਰ ਲੈਬ ਵਾਲੇ, ਬਲਵਿੰਦਰ ਸਿੰਘ ਮੁਲਤਾਨੀ, ਰਘਵਿੰਦਰ ਸਿੰਘ ਸਾਹੀ, ਓਂਕਾਰ ਸਿੰਘ ਸਾਹੀ, ਬੱਬੂ ਵਰਮਾ, ਬਲਬੀਰ ਸਿੰਘ ਬਾਊ, ਅਮਰਜੀਤ ਸਿੰਘ ਸਾਹਿਬ, ਹਰਭਜਨ ਸਿੰਘ ਵਾਲੀਆ, ਰੇਸ਼ਮ ਸਿੰਘ ਪੱਡਾ, ਹੈੱਡ ਗ੍ਰੰਥੀ ਭਾਈ ਬਲਜਿੰਦਰ ਸਿੰਘ, ਰਣਜੀਤ ਸਿੰਘ, ਜੋਬਨਪ੍ਰੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਨੇਕ ਸਿੰਘ, ਸੁਮਨਪ੍ਰੀਤ ਸਿੰਘ, ਅੰਮ੍ਰਿਤ ਪਾਲ ਸਿੰਘ, ਰਜਵੰਤ ਸਿੰਘ ਸਮੇਤ ਹੋਰ ਪਤਵੰਤੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।