ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Mon, 09 Nov 2026 07:18 PM (IST)
Updated Date: Mon, 09 Nov 2026 07:20 PM (IST)
ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਸਾਹਿਬਾਨ ਦੀ ਅਪਾਰ ਬਖਸ਼ਿਸ਼ ਤੇ ਸੰਗਤਾਂ ਦੀ ਸ਼ਰਧਾ ਤੇ ਸਹਿਯੋਗ ਸਦਕਾ ਗੁਰਦੁਆਰਾ ਧੰਨ-ਧੰਨ ਬਾਬਾ ਵਿਸ਼ਵਕਰਮਾ ਜੀ, ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮੂਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਰਾਮਗੜ੍ਹੀਆ ਭਾਈਚਾਰੇ, ਇਲਾਕਾ ਵਾਸੀਆਂ ਤੇ ਰਾਮਗੜ੍ਹੀਆ ਨੌਜਵਾਨ ਸਭਾ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਪਹਿਲਾਂ ਆਰੰਭ ਕਰਵਾਏ ਗਏ ਛੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ, ਸਮੁੱਚੀ ਮਾਨਵਤਾ ਦੀ ਸੁੱਖ-ਸ਼ਾਂਤੀ ਤੇ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਮੁੱਚੇ ਸਮਾਗਮ ਦੀ ਦੇਖ-ਰੇਖ ਗੁਰਦੁਆਰਾ ਇੰਚਾਰਜ ਸੁਖਵਿੰਦਰ ਸਿੰਘ ਰਾਮਗੜ੍ਹੀਆ ਵੱਲੋਂ ਕੀਤੀ ਗਈ। ਧਾਰਮਿਕ ਦੀਵਾਨਾਂ ਦੌਰਾਨ ਰਾਗੀ ਜਥਾ ਭਾਈ ਦਿਲਾਵਰ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਉੱਥੇ ਹੀ ਕਵੀਸ਼ਰੀ ਜਥਾ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਵਾਲਿਆਂ ਨੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਕਵੀਸ਼ਰੀ ਰਾਹੀਂ ਬਿਆਨ ਕਰਦਿਆਂ ਸੰਗਤਾਂ ਵਿੱਚ ਧਾਰਮਿਕ ਜੋਸ਼ ਤੇ ਸਿੱਖੀ ਜਜ਼ਬੇ ਦਾ ਸੰਚਾਰ ਕੀਤਾ। ਇਸ ਮੌਕੇ ਮੀਰੀ-ਪੀਰੀ ਗਤਕਾ ਕਮੇਟੀ ਦੇ ਸਿੰਘਾਂ ਵੱਲੋਂ ਗਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਗਏ। ਸਿੱਖ ਸ਼ਸਤਰ ਵਿੱਦਿਆ ਦੇ ਇਸ ਰਵਾਇਤੀ ਪ੍ਰਦਰਸ਼ਨ ਨੇ ਸੰਗਤਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਅਤੇ ਸਿੱਖ ਵਿਰਾਸਤ, ਬਹਾਦਰੀ ਤੇ ਸਵੈ-ਰੱਖਿਆ ਦੀ ਅਮੀਰ ਪਰੰਪਰਾ ਦੀ ਯਾਦ ਤਾਜ਼ਾ ਕਰਵਾਈ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਜਿੱਥੇ ਸੰਗਤਾਂ ਨੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ। ਸਮਾਗਮ ਵਿੱਚ ਰਾਮਗੜ੍ਹੀਆ ਵੈੱਲਫੇਅਰ ਬੋਰਡ ਪੰਜਾਬ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਨਵ-ਨਿਯੁਕਤ ਚੇਅਰਮੈਨ ਗੁਰਸ਼ਰਨ ਸਿੰਘ (ਵਿੱਕੀ ਠੇਕੇਦਾਰ) ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪ੍ਰਬੰਧਕਾਂ ਨੇ ਗੁਰਸ਼ਰਨ ਸਿੰਘ ਭਾਂਬਰਾ ਨੂੰ ਰਾਮਗੜ੍ਹੀਆ ਵੈੱਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਇੰਚਾਰਜ ਸੱਜਣ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਇਹ ਅਹਿਮ ਮਾਣ-ਸਨਮਾਨ ਮਿਲਣਾ ਸਮੁੱਚੇ ਇਲਾਕੇ ਤੇ ਰਾਮਗੜ੍ਹੀਆ ਭਾਈਚਾਰੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਦਾਨੀ ਸੱਜਣਾਂ, ਸਹਿਯੋਗੀਆਂ ਤੇ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਗਿਆ ਕਿ ਗੁਰੂ ਘਰ ਦੀਆਂ ਸੇਵਾਵਾਂ ਤੇ ਧਾਰਮਿਕ ਕਾਰਜ ਸੰਗਤਾਂ ਦੇ ਸਹਿਯੋਗ, ਸੇਵਾ ਭਾਵਨਾ ਤੇ ਆਪਸੀ ਏਕਤਾ ਨਾਲ ਹੀ ਸੰਭਵ ਹੁੰਦੇ ਹਨ। ਸਮੁੱਚੇ ਤੌਰ ਤੇ ਇਹ ਧਾਰਮਿਕ ਸਮਾਗਮ ਗੁਰਬਾਣੀ, ਕੀਰਤਨ, ਕਵੀਸ਼ਰੀ, ਗਤਕਾ ਤੇ ਗੁਰੂ ਕੇ ਲੰਗਰ ਰਾਹੀਂ ਸਿੱਖੀ ਵਿਰਸੇ, ਧਾਰਮਿਕ ਸਾਂਝ ਤੇ ਭਾਈਚਾਰਕ ਏਕਤਾ ਦਾ ਸੁੰਦਰ ਸੁਨੇਹਾ ਦੇ ਗਿਆ। ਇਸ ਮੌਕੇ ਗੁਰਸ਼ਰਨ ਸਿੰਘ ਵਿੱਕੀ ਠੇਕੇਦਾਰ ਨੇ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸੇਵਾ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਉਨ੍ਹਾਂ ਲਈ ਸੁਭਾਗੇ ਪਲ ਹਨ। ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੀ ਏਕਤਾ, ਨੌਜਵਾਨਾਂ ਦੀ ਤਰੱਕੀ ਤੇ ਸਮਾਜ ਭਲਾਈ ਦੇ ਕਾਰਜਾਂ ਲਈ ਉਹ ਪੂਰੀ ਤਨਦੇਹੀ ਨਾਲ ਯਤਨਸ਼ੀਲ ਰਹਿਣਗੇ। ਉਨ੍ਹਾਂ ਆਪਣੀ ਨਿਯੁਕਤੀ ਲਈ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੱਜਣ ਚੀਮਾ ਹਲਕਾ ਇੰਚਾਰਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਉਹ ਸੇਵਾ ਭਾਵਨਾ ਨਾਲ ਨਿਭਾਉਣਗੇ। ਇਸ ਮੌਕੇ ਸੁਖਵਿੰਦਰ ਸਿੰਘ ਰਾਮਗੜ੍ਹੀਆ, ਗੁਰਦੁਆਰਾ ਇੰਚਾਰਜ ਨੇ ਕਿਹਾ ਕਿ ਗੁਰੂ ਘਰ ਵਿਖੇ ਧਾਰਮਿਕ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਸੰਗਤਾਂ ਨੂੰ ਗੁਰਬਾਣੀ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ। ਉਨ੍ਹਾਂ ਸਮੂਹ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਰਾਮਗੜ੍ਹੀਆ ਭਾਈਚਾਰੇ, ਇਲਾਕਾ ਵਾਸੀਆਂ, ਦਾਨੀ ਸੱਜਣਾਂ ਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਅਜਿਹੇ ਧਾਰਮਿਕ ਕਾਰਜ ਨੇਪਰੇ ਚੜ੍ਹਦੇ ਹਨ। ਉਨ੍ਹਾਂ ਗੁਰੂ ਸਾਹਿਬ ਅੱਗੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਜਗੀਰ ਸਿੰਘ ਝੀਤਾ ਪ੍ਰਧਾਨ, ਪਰਮਜੀਤ ਸਿੰਘ ਖਾਲਸਾ, ਅਜੀਤ ਸਿੰਘ ਝੀਤਾ, ਰਘਵੀਰ ਸਿੰਘ, ਅਜੀਤ ਸਿੰਘ, ਜਸਵੰਤ ਸਿੰਘ ਬਲਾਗਨ, ਟਵਿੰਕਲ, ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ ਬੱਗਾ, ਮਾਸਟਰ ਹਰਵਿੰਦਰ ਸਿੰਘ ਵਿਰਦੀ, ਸੁਖਵਿੰਦਰ ਸਿੰਘ ਰਾਮਗੜ੍ਹੀਆ, ਪਰਮਜੀਤ ਸਿੰਘ, ਬਾਬਾ ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ ਬਾਊ, ਹਰਜਿੰਦਰ ਸਿੰਘ ਹੀਰਾ, ਮਹਿੰਦਰ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ, ਜਗੀਰ ਸਿੰਘ, ਦਿਲਬਾਗ ਸਿੰਘ ਲਾਇਲ, ਹਰਭਜਨ ਸਿੰਘ ਵਿਰਦੀ, ਬਿਕਰਮਜੀਤ ਸਿੰਘ ਲਾਇਲ, ਅਮਰਿੰਦਰ ਸਿੰਘ ਹੈਪੀ, ਨਵਰੂਪ ਸਿੰਘ ਝੀਤਾ, ਹਰਨੂਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।