ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ
ਸਤਿਗੁਰ ਰਵਿਦਾਸ ਪਬਲਿਕ ਸਕੂਲ ਵਿਖੇ ਮਨਾਇਆ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਨ
Publish Date: Sat, 17 Oct 2026 08:45 PM (IST)
Updated Date: Sat, 17 Oct 2026 08:48 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਸਤਿਗੁਰ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਵਿਖੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਪਾਵਨਮਈ ਪਵਿੱਤਰ ਅੰਮ੍ਰਿਤ ਬਾਣੀ ਦੀ ਛਤਰ ਛਾਇਆ ਹੇਠ ਮਹਾਨ ਸਮਾਗਮ ਉਲੀਕੇ ਗਏ, ਜਿਸ ਮੌਕੇ ਆਯੋਜਿਤ ਸਮਾਗਮ ਦੌਰਾਨ ਜਿੱਥੇ ਡੇਰਾ ਚਹੇੜੂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਸਤਿਕਾਰਯੋਗ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਗਿਆ, ਉੱਥੇ ਮਹਾਰਾਜ ਜੀ ਵੱਲੋਂ ਕੌਮ ਦੇ ਵਿਦਵਾਨ ਲੇਖਕ ਮਹਿੰਦਰ ਸੰਧੂ ‘ਮਹੇੜੂ’ ਦੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ‘ਪ੍ਰਕਾਸ਼ ਪੁਰਬ’ ਰਿਲੀਜ਼ ਕੀਤੀ ਗਈ। ਇਸ ਦੇ ਨਾਲ ਹੀ ਸੰਗਰਾਂਦ ਦੇ ਪਵਿੱਤਰ ਮੌਕੇ ’ਤੇ ਸੰਤ ਬਾਬਾ ਫੂਲ ਨਾਥ ਜੀ ਮਹਾਰਾਜ ਦੇ ਤਪ ਅਸਥਾਨ ਜੈਤੇਵਾਲੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੰਗਤਾਂ ਨੇ ਧਾਰਮਿਕ ਮਾਹੌਲ ਵਿੱਚ ਸ਼ਮੂਲੀਅਤ ਕਰਦਿਆਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਧਾਰਮਿਕ ਵਿਚਾਰਧਾਰਾ ਨਾਲ ਜੁੜਨ ਦਾ ਸੁਨੇਹਾ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸੰਗਤ ਨੇ ਮਹਾਰਾਜ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਵਧਾਈ ਦਿੱਤੀ ਤੇ ਇਸ ਮੌਕੇ ਪਰਸ਼ੋਤਮ ਦਾਦਰਾ, ਰੋਸ਼ਨ ਢੰਡਾ, ਮਾਸਟਰ ਸੋਮ ਰਾਜ, ਲੇਖਕ ਰਾਜੇਸ਼ ਭਬਿਆਣਾ, ਬਲਵਿੰਦਰ ਕਰਤਾਰਪੁਰ, ਰੱਤੂ ਰੰਧਾਵਾ, ਵਿੱਕੀ ਬਹਾਦਰਕੇ, ਗਿੰਨੀ ਮਾਹੀ, ਸੈਕਟਰੀ ਕਮਲਜੀਤ ਤੇ ਸਮੂਹ ਸੰਗਤ ਮੌਜੂਦ ਰਹੀ।