30 ਸਾਲਾਂ ਤੋਂ ਪਾਰਟੀ ਨਾਲ ਜੁੜੇ ਸਾਬਕਾ ਕੌਂਸਲਰ ਸਮੇਤ ਤਿੰਨ ਵਾਰਡਾਂ ਦੇ ਅਕਾਲੀ ਉਮੀਦਵਾਰਾਂ ਛੱਡੀ ਪਾਰਟੀ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਨਾਲ ਪਿਛਲੇ ਲਗਭਗ 30 ਸਾਲਾਂ ਤੋਂ ਜੁੜੇ ਸਾਬਕਾ ਕੌਂਸਲਰ ਤੇ ਹਲਕਾ ਕਪੂਰਥਲਾ ਦੇ ਐੱਸਸੀ ਵਿੰਗ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਰਾਣਾ, ਸਰਬਜੀਤ ਲੰਕੇਸ਼ ਸਮੇਤ ਸਮੂਹ ਅਕਾਲੀ ਵਰਕਰਾਂ ਤੇ ਲਗਭਗ 100 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਆਪਣਾ ਲੰਮਾ ਰਿਸ਼ਤਾ ਖਤਮ ਕਰਦਿਆਂ ਰਾਣਾ ਗੁਰਜੀਤ ਸਿੰਘ, ਵਿਧਾਇਕ ਕਪੂਰਥਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸੁਰਜੀਤ ਸਿੰਘ ਰਾਣਾ ਨੇ ਕਿਹਾ ਕਿ ਪਿਛਲੇ ਦਿਨੀਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਲਈ ਕਿਹਾ ਗਿਆ ਸੀ ਪਰ ਉਸ ਸਮੇਂ ਉਨ੍ਹਾਂ ਨੇ ਆਪਣੇ ਜ਼ਮੀਰ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਨੂੰ ਪਹਿਲ ਦਿੰਦਿਆਂ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਚੋਣ ਲੜਨਗੇ। ਸੁਰਜੀਤ ਸਿੰਘ ਰਾਣਾ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਨਗਰ ਨਿਗਮ ਕਪੂਰਥਲਾ ਦੀ ਮੇਅਰ ਦੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਜੇਤੂ ਐੱਮਸੀਜ਼ ਵੱਲੋਂ ਵਿਰੋਧੀ ਉਮੀਦਵਾਰ ਨਰਿੰਦਰ ਮਨਸੂ ਦੇ ਹੱਕ ਵਿੱਚ ਵੋਟ ਪਾਉਣ ਕਾਰਨ ਉਨ੍ਹਾਂ ਨੂੰ ਗਹਿਰਾ ਧੱਕਾ ਲੱਗਾ ਤੇ ਨਿਰਾਸ਼ਾ ਹੋਈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਪਿਛਲੇ ਲਗਭਗ 30 ਸਾਲਾਂ ਤੋਂ ਚੱਲ ਰਹੇ ਆਪਣੇ ਸਿਆਸੀ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੀ ਅਗਵਾਈ, ਪਿਆਰ ਤੇ ਆਸ਼ੀਰਵਾਦ, ਲੋਕਾਂ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ, ਇਮਾਨਦਾਰੀ ਤੇ ਸਮਰਪਣ ਨੂੰ ਦੇਖਦੇ ਹੋਏ ਉਹ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਸ ਮੌਕੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੇ ਸੁਰਜੀਤ ਸਿੰਘ ਰਾਣਾ, ਸਰਬਜੀਤ ਲੰਕੇਸ਼ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਵਰਕਰਾਂ ਅਤੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਵੱਲੋਂ ਸੁਰਜੀਤ ਸਿੰਘ ਰਾਣਾ ਨਾਲ ਸੰਪਰਕ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਲਈ ਕਿਹਾ ਗਿਆ ਸੀ। ਪਰ ਸੁਰਜੀਤ ਸਿੰਘ ਰਾਣਾ ਨੇ ਉਸ ਸਮੇਂ ਉਨ੍ਹਾਂ ਦੀ ਪੇਸ਼ਕਸ਼ ਨੂੰ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਸੀ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਸ ਦਿਨ ਤੋਂ ਹੀ ਸੁਰਜੀਤ ਸਿੰਘ ਰਾਣਾ ਲਈ ਉਨ੍ਹਾਂ ਦੇ ਦਿਲ ਵਿੱਚ ਇੱਜ਼ਤ ਹੋਰ ਵੀ ਵਧ ਗਈ, ਕਿਉਂਕਿ ਸੁਰਜੀਤ ਸਿੰਘ ਰਾਣਾ ਨੇ ਉਸ ਸਮੇਂ ਆਪਣੇ ਸਿਆਸੀ ਸਿਧਾਂਤਾਂ ਅਤੇ ਆਪਣੀ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਕਾਇਮ ਰੱਖਿਆ । ਉਨ੍ਹਾਂ ਕਿਹਾ ਕਿ ਅਜਿਹੇ ਸੱਚੇ-ਸੁੱਚੇ ਤੇ ਇਮਾਨਦਾਰ ਵਰਕਰਾਂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਰਾਣਾ ਗੁਰਜੀਤ ਸਿੰਘ ਨੇ ਸੁਰਜੀਤ ਸਿੰਘ ਰਾਣਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਸੁਰਜੀਤ ਸਿੰਘ ਰਾਣਾ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਵੱਧ-ਚੜ੍ਹ ਕੇ ਕੰਮ ਕਰਨ ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਰਾਣਾ ਵਰਗੇ ਤਜਰਬੇਕਾਰ ਤੇ ਜ਼ਮੀਨੀ ਪੱਧਰ ਨਾਲ ਜੁੜੇ ਵਰਕਰਾਂ ਦੀ ਸ਼ਮੂਲੀਅਤ ਨਾਲ ਕਾਂਗਰਸ ਪਾਰਟੀ ਨੂੰ ਹਲਕਾ ਕਪੂਰਥਲਾ ਵਿੱਚ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਾਰਡ ਨੰਬਰ 35 ਤੋਂ ਸੁਰਜੀਤ ਸਿੰਘ ਰਾਣਾ, ਸਾਬਕਾ ਕੌਂਸਲਰ ਤੇ ਹਲਕਾ ਕਪੂਰਥਲਾ ਐੱਸਸੀ ਵਿੰਗ ਦੇ ਸਾਬਕਾ ਪ੍ਰਧਾਨ ਵਾਰਡ ਨੰਬਰ 34 ਤੋਂ ਕਿਰਨਜੋਤ ਕੌਰ ਤੇ ਵਾਰਡ ਨੰਬਰ 32 ਤੋਂ ਪਰਮਜੀਤ ਕੌਰ ਸ਼ਾਮਲ ਹਨ। ਇਹ ਤਿੰਨੇ ਇਸ ਵਾਰ ਨਗਰ ਨਿਗਮ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜ ਚੁੱਕੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 33 ਤੋਂ ਸੰਦੀਪ ਕੌਰ, ਪ੍ਰਧਾਨ ਤੇ ਬੀਐੱਲਏ, ਕੁਲਦੀਪ ਸਿੰਘ ਢਿੱਲੋਂ; ਭਗਤਪੁਰ ਤੋਂ ਬਲਵੀਰ ਕੁਮਾਰ ਸਾਬਕਾ ਸਰਪੰਚ, ਦਲਬੀਰ ਕੌਰ ਪ੍ਰਧਾਨ; ਬਹੁਈ ਤੋਂ ਰੇਸ਼ਮ ਲਾਲ, ਜੋ ਸਰਪੰਚੀ ਦੀ ਚੋਣ ਲੜ ਚੁੱਕੇ ਹਨ, ਪਰਮਜੀਤ ਸਿੰਘ ਤੇ ਸਾਬੀ ਲੰਕੇਸ਼, ਵਾਲਮੀਕਿ ਸਭਾ ਦੇ ਪ੍ਰਧਾਨ ਸਮੇਤ ਹੋਰ ਕਈ ਆਗੂ ਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਸ਼ਾਮਲ ਹੋਣ ਵਾਲਿਆਂ ਵਿੱਚ ਸੋਢੀ ਲਾਲ, ਮਲਕੀਤ ਭਗਤ, ਬਲਵੀਰ ਸਿੰਘ, ਜਸਵਿੰਦਰ ਕੌਰ, ਜਸਵੰਤ, ਕੰਸ਼ੋ, ਨੀਲਮ, ਸੁੱਖਾ ਸਿੰਘ, ਦਿਲਬਰ ਸਿੰਘ, ਨਵਨੀਤ ਕੌਰ, ਸ਼ਰਨਜੀਤ ਕੌਰ, ਬਲਜੀਤ ਕੌਰ, ਰਾਜੇਸ਼ ਕੁਮਾਰ, ਲਾਲ ਚੰਦ ਭੱਟੀ, ਰੂਪ ਲਾਲ, ਸ਼ੁਬਾਨਾ ਅਲੀ, ਜਰੀਨਾ ਅਲੀ, ਬਲਵਿੰਦਰ ਕੌਰ, ਆਸ਼ਾ ਰਾਣੀ, ਕੋਮਲਪ੍ਰੀਤ ਕੌਰ, ਸਤਪਾਲ, ਰਾਜਵਿੰਦਰ ਕੌਰ, ਕ੍ਰਿਸ਼ਨਾ, ਕੁਲਵਿੰਦਰ ਕੌਰ, ਕੇਵਲੀ ਪ੍ਰਧਾਨ, ਰੇਸ਼ਮ ਲਾਲ, ਰੋਸ਼ਨ ਲਾਲ, ਪਰਮਜੀਤ ਕੌਰ, ਗੁਰਮੀਤ ਕੌਰ, ਅਮਰਜੀਤ ਕੌਰ, ਸੁਰਜੀਤ ਕੌਰ, ਮਹਿੰਦਰ ਕੌਰ, ਸੁਖਵਿੰਦਰ ਸਿੰਘ ਬੱਲੂ, ਰਵੀ ਕੁਮਾਰ, ਓਮ ਪ੍ਰਕਾਸ਼, ਵਦੇਸ਼ੀ ਪਾਸਵਾਨ ਪ੍ਰਧਾਨ, ਸੀਤਾ ਦੇਵੀ, ਪ੍ਰਭੂ ਜੀ, ਗੋਪੀ, ਸ਼ਿੰਦਰ ਕੌਰ, ਗੋਪੀ, ਹੈਪੀ, ਲਵ, ਤੇਜੀ, ਰੋਹਿਤ ਤੇ ਆਸ਼ੂ ਬਹੁਈ ਆਦਿ ਸ਼ਾਮਲ ਹਨ।