ਮੋਟਰ ਦੀਆਂ ਤਾਰਾਂ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਭੁਲੱਥ ਪੁਲਿਸ ਵੱਲੋਂ ਮੋਟਰ ਦੀਆਂ ਤਾਰਾਂ ਚੋਰੀ ਕਰਕੇ ਦੁਕਾਨਦਾਰ ਨੂੰ ਵੇਚਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Publish Date: Tue, 29 Sep 2026 08:59 PM (IST)
Updated Date: Tue, 29 Sep 2026 09:00 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਭੁਲੱਥ ਪੁਲਿਸ ਵੱਲੋਂ ਮੋਟਰ ਦੀਆਂ ਤਾਰਾਂ ਚੋਰੀ ਕਰਕੇ ਅੱਗੇ ਇੱਕ ਦੁਕਾਨਦਾਰ ਨੂੰ ਵੇਚਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਮਾਮਲਾ ਗੁਰਮੇਜ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਦਮੂਲੀਆ (ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਪੀੜਤ ਗੁਰਮੇਜ ਸਿੰਘ ਨੇ ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿੱਚ ਦੱਸਿਆ ਕਿ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਉਨ੍ਹਾਂ ਦੀਆਂ ਮੋਟਰਾਂ ਦੀਆਂ ਤਾਰਾਂ ਤੇ ਹੋਰ ਸਮਾਨ ਚੋਰੀ ਹੋ ਰਿਹਾ ਸੀ। ਬੀਤੇ ਦਿਨ ਜਦੋਂ ਉਹ ਸਵੇਰੇ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਗਿਆ ਤਾਂ ਉਸ ਨੇ ਜਦੋਂ ਆਪਣੀ ਮੋਟਰ ਚਲਾਈ ਤਾਂ ਉਹ ਨਹੀਂ ਚਲੀ ਜਦੋਂ ਵੇਖਿਆ ਤਾਂ ਮੋਟਰ ਦੀਆਂ ਤਾਰਾਂ ਚੋਰੀ ਹੋ ਚੁੱਕੀਆਂ ਸਨ। ਉਨ੍ਹਾਂ ਨੇ ਦੇਖਿਆ ਕਿ ਇੱਕ ਵਿਅਕਤੀ ਦਮੂਲੀਆਂ ਦੇ ਸ਼ਮਸ਼ਾਨ ਘਾਟ ਵਿੱਚ ਤਾਰਾ ਸਾੜ ਕੇ ਤਾਂਬਾ ਕੱਢ ਰਿਹਾ ਸੀ। ਉਸ ਨੂੰ ਮੌਕੇ ’ਤੇ ਕਾਬੂ ਕਰਕੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਚੋਰੀ ਕੀਤੀਆਂ ਹੋਈਆਂ ਤਾਰਾਂ ਉਹ ਸੁਭਾਨਪੁਰ ਵਿਖੇ ਇੱਕ ਛੋਲੇ-ਮੁਰਿੰਡੇ ਵੇਚਣ ਵਾਲੇ ਦੁਕਾਨਦਾਰ ਨੂੰ ਵੇਚ ਕੇ ਆਉਂਦਾ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਚੋਰ ਨੂੰ ਜਦੋਂ ਦੁਕਾਨ ਵਿੱਚ ਭੇਜਿਆ ਤਾਂ ਦੁਕਾਨਦਾਰ ਨੇ ਉਸ ਕੋਲੋਂ ਚੋਰੀ ਕੀਤੀਆਂ ਹੋਈਆਂ ਤਾਂਬੇ ਦੀਆਂ ਤਾਰਾਂ ਖਰੀਦ ਲਈਆਂ ਤੇ ਉਸ ਨੂੰ 1600 ਰੁਪਏ ਦਿੱਤੇ। ਇਹ ਸਾਰੀ ਵੀਡੀਓ ਕਿਸਾਨਾਂ ਨੇ ਆਪਣੇ ਮੋਬਾਈਲ ਵਿੱਚ ਬਣਾ ਲਈ। ਫਿਰ ਮੌਕੇ ’ਤੇ ਪੁਲਿਸ ਨੂੰ ਸੱਦ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਭੁਲੱਥ ਪੁਲਿਸ ਵੱਲੋਂ ਬੱਬਲੂ ਅੰਸਾਰੀ ਪੁੱਤਰ ਅਸੀਮ ਤੇ ਅਕਬਰ ਪੁੱਤਰ ਬੱਬਲੂ ਅੰਸਾਰੀ ਵਾਸੀ ਸੁਭਾਨਪੁਰ ਤੇ ਤਾਰਾਂ ਵੇਚਣ ਵਾਲੇ ਜਗਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਦਮੂਲੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।