ਭੁਲੱਥ ਪੁਲਿਸ ਨੇ ਨਸ਼ਾ ਕਰਦੇ ਦੋ ਵਿਅਕਤੀ ਕਾਬੂ, ਮਾਮਲਾ ਦਰਜ
ਭੁਲੱਥ ਪੁਲਿਸ ਵੱਲੋਂ ਸਰਕਾਰੀ ਟਿਊਬਵੈੱਲ ’ਤੇ ਨਸ਼ਾ ਕਰਦੇ ਦੋ ਵਿਅਕਤੀ ਕਾਬੂ, ਮਾਮਲਾ ਦਰਜ ਕੀਤਾ
Publish Date: Sun, 27 Sep 2026 09:06 PM (IST)
Updated Date: Sun, 27 Sep 2026 09:09 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਭੁਲੱਥ ਪੁਲਿਸ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਵੱਲੋਂ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਮੁਹਿੰਮ ਦੌਰਾਨ ਸੂਚਨਾ ਮਿਲੀ ਕਿ ਸਰਕਾਰੀ ਟਿਊਬਵੈੱਲ, ਖੱਸਣ ਰੋਡ ਭੁਲੱਥ ਨੇੜੇ ਦੋ ਵਿਅਕਤੀ ਨਸ਼ੇ ਦਾ ਸੇਵਨ ਕਰ ਰਹੇ ਹਨ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਮੁਖਬਰ ਵੱਲੋਂ ਦੱਸੀ ਹੋਈ ਜਗ੍ਹਾ ’ਤੇ ਪਹੁੰਚੀ ਤਾਂ ਦੇਖਿਆ ਕਿ ਦੋ ਵਿਅਕਤੀ ਇੱਕ-ਦੂਜੇ ਵੱਲ ਮੂੰਹ ਕਰਕੇ ਬੈਠੇ ਹੋਏ ਸਨ ਤੇ ਸਿਗਰਟ ਪੇਪਰ ਦੀ ਸਹਾਇਤਾ ਨਾਲ ਨਸ਼ਾ ਕਰ ਰਹੇ ਸਨ। ਪੁਲਿਸ ਪਾਰਟੀ ਨੂੰ ਦੇਖਦਿਆਂ ਉਨ੍ਹਾਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਰਜਿੰਦਰ ਕੁਮਾਰ ਓਰਫ਼ ਲਾਡੀ ਪੁੱਤਰ ਗੰਤ ਰਾਮ ਵਾਸੀ ਕੰਗ ਸਾਬੂ ਥਾਣਾ ਨਕੋਦਰ ਤੇ ਰਮਨ ਕੁਮਾਰ ਪੁੱਤਰ ਪਲਵਿੰਦਰ ਕੁਮਾਰ ਵਾਸੀ ਨਾਗਰਾ ਵਜੋਂ ਹੋਈ। ਪੁਲਿਸ ਵੱਲੋਂ ਕਾਬੂ ਕੀਤੇ ਨੌਜਵਾਨਾਂ ਪਾਸੋਂ ਸਿਗਰਟ ਪੇਪਰ ਸਮੇਤ ਪਾਈਪਾਂ, 10 ਰੁਪਏ ਦਾ ਨੋਟ ਤੇ ਲਾਈਟਰ ਬਰਾਮਦ ਕੀਤੇ। ਪੁਲਿਸ ਵੱਲੋਂ ਉਕਤ ਮਾਮਲੇ ਸਬੰਧੀ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।