ਅਮਿੱਟ ਪੈੜਾਂ ਛੱਡ ਗਿਆ ਪਿੰਡ ਭੌਰ ਦਾ ਸਲਾਨਾ ਛਿੰਝ ਮੇਲਾ
ਅਮਿੱਟ ਪੈੜਾਂ ਛੱਡ ਗਿਆ ਪਿੰਡ ਭੌਰ ਦਾ ਸਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ
Publish Date: Tue, 24 Feb 2026 08:48 PM (IST)
Updated Date: Tue, 24 Feb 2026 08:52 PM (IST)

ਖੇਡ ਮੇਲੇ ਆਪਸੀ ਪਿਆਰ ਤੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੇ ਹਨ : ਕਾਨੂੰਗੋ ਭੌਰ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਧੰਨ ਧੰਨ ਪੀਰ ਬਾਬਾ ਲੱਖ ਦਾਤਾ ਜੀ ਤੇ ਮਹੀਨਾਥ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਟੇਡੀਅਮ, ਪਿੰਡ ਭੌਰ (ਸੁਲਤਾਨਪੁਰ ਲੋਧੀ) ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਵਧੀਆ ਪ੍ਰਬੰਧਾਂ ਤੇ ਰੋਮਾਂਚਕ ਕੁਸ਼ਤੀ ਤੇ ਕਬੱਡੀ ਮੁਕਾਬਲਿਆਂ ਨੇ ਦਰਸ਼ਕਾਂ ਦੇ ਦਿਲਾਂ ‘ਚ ਅਮਿੱਟ ਪੈੜਾਂ ਛੱਡ ਦਿੱਤੀਆਂ। ਇਹ ਖੇਡ ਮੇਲਾ ਸਰਪੰਚ ਅਵਤਾਰ ਸਿੰਘ ਨਾਹਲ, ਜਸਬੀਰ ਸਿੰਘ ਭੌਰ, ਚਰਨ ਸਿੰਘ ਯੂਕੇ, ਫ਼ਕੀਰ ਮੁਹੰਮਦ, ਕੈਪਟਨ ਮਨਜੀਤ ਸਿੰਘ ਭੌਰ, ਸੂਬੇਦਾਰ ਮਲਕੀਤ ਸਿੰਘ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਨਾਹਲ, ਸਰਵਣ ਸਿੰਘ ਭੌਰ, ਗੁਰਮੀਤ ਸਿੰਘ ਝੀਤਾ, ਜੱਥੇਦਾਰ ਜੋਗਿੰਦਰ ਸਿੰਘ ਭੁੱਟੋ, ਮਹਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਪਰਗਟ ਸਿੰਘ, ਸਾਧੂ ਸਿੰਘ, ਸ਼ਿੰਗਾਰਾ ਸਿੰਘ, ਹਰਜਾਪ ਸਿੰਘ, ਨੰਬਰਦਾਰ ਕਰਮ ਸਿੰਘ ਸ਼ਾਹ, ਪੰਚ ਨਾਨਕ ਸਿੰਘ ਭੌਰ, ਤੇਜਿੰਦਰ ਸਿੰਘ ਯੂਐੱਸਏ ਆਦਿ ਦੀ ਦੇਖ-ਰੇਖ ਹੇਠ ਗ੍ਰਾਮ ਪੰਚਾਇਤ ਭੌਰ, ਐੱਨਆਰਆਈ ਭਰਾਵਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਕਾਨੂੰਗੋ ਸ਼ਿੰਗਾਰਾ ਸਿੰਘ ਭੌਰ ਤੇ ਸਾਹਿਤਕਾਰ ਸੰਤੋਖ ਸਿੰਘ ਮੱਲ੍ਹੀ ਨੇ ਸਾਂਝੇ ਤੌਰ ‘ਤੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਕਾਨੂੰਗੋ ਸ਼ਿੰਗਾਰਾ ਸਿੰਘ ਭੌਰ ਨੇ ਕਿਹਾ ਕਿ ਖੇਡ ਮੇਲੇ ਆਪਸੀ ਪਿਆਰ ਤੇ ਭਰੋਸੇ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੇਂਡੂ ਖੇਡਾਂ ਦੇ ਪ੍ਰਚਾਰ-ਪ੍ਰਸਾਰ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਟੂਰਨਾਮੈਂਟ ਕਮੇਟੀ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ। ਕਬੱਡੀ ਭਾਰ ਵਰਗ 35 ਤੇ 50 ਕਿਲੋਗ੍ਰਾਮ ਦੇ ਫਾਈਨਲ ਮੁਕਾਬਲਿਆਂ ਵਿਚ ਪਿੰਡ ਭੌਰ ਦੀਆਂ ਟੀਮਾਂ ਨੇ ਡਡਵਿੰਡੀ ਦੀਆਂ ਟੀਮਾਂ ਨੂੰ ਹਰਾਇਆ ਤੇ ਲੜਕੀਆਂ ਦੇ ਕਬੱਡੀ ਸ਼ੋ ਮੈਚ ਵਿਚ ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਜੱਟਾਂ ਨੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਹੁਸ਼ਿਆਰਪੁਰ ਨੂੰ ਡੇਢ ਅੰਕ ਦੇ ਫਰਕ ਨਾਲ ਮਾਤ ਦਿੱਤੀ। ਛਿੰਝ ਮੇਲੇ ਦੌਰਾਨ 60 ਤੋਂ ਵੱਧ ਪਹਿਲਵਾਨਾਂ ਨੇ 30 ਰੋਮਾਂਚਕ ਕੁਸ਼ਤੀਆਂ ਵਿਚ ਹਿੱਸਾ ਲਿਆ। ਪਟਕੇ ਦੀ ਵਿਸ਼ੇਸ਼ ਕੁਸ਼ਤੀ ਵਿਚ ਪਹਿਲਵਾਨ ਕਾਲੂ ਬਾੜੋਵਾਲ ਨੇ ਮੇਜਰ ਡੇਰਾ ਬਾਬਾ ਨਾਨਕ ਨੂੰ ਹਰਾ ਕੇ ਜਿੱਤ ਦਰਜ ਕੀਤੀ। ਜੇਤੂ ਪਹਿਲਵਾਨ ਕਾਲੂ ਬਾੜੋਵਾਲ ਨੂੰ ਪ੍ਰਬੰਧਕ ਕਮੇਟੀ ਵੱਲੋਂ ਇਕ ਲੱਖ ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਕਮੇਟੀ ਵੱਲੋਂ ਕਾਨੂੰਗੋ ਸ਼ਿੰਗਾਰਾ ਸਿੰਘ ਭੌਰ, ਮਾਸਟਰ ਕੁਲਵਿੰਦਰ ਸਿੰਘ ਚਾਹਲ, ਬਲਦੇਵ ਸਿੰਘ ਬਾਜਵਾ (ਜਰਮਨ ਵਾਲੇ), ਪ੍ਰਸਿੱਧ ਲੋਕ ਗਾਇਕ ਬਲਬੀਰ ਸ਼ੇਰਪੁਰੀ, ਗਿਆਨੀ ਜਰਨੈਲ ਸਿੰਘ ਮੋਠਾਂਵਾਲ, ਲੋਕ ਗਾਇਕ ਬਿੱਲੂ ਭੌਰ, ਗੁਰਨਾਮ ਸਿੰਘ ਸਪੇਨ (ਪੱਤੜ੍ਹ ਕਲਾਂ), ਕਮੈਂਟੇਟਰ ਮਿੱਠਾ ਦਰੀਏਵਾਲ, ਕਮੈਂਟੇਟਰ ਮੰਗਾ, ਪਹਿਲਵਾਨ ਗੋਨੀ ਦੌਲਤਪੁਰ, ਅਵਤਾਰ ਸਿੰਘ ਤਾਰੀ ਧਾਪ, ਪੰਚ ਸੁੱਖਵਿੰਦਰ ਸਿੰਘ, ਉਜਾਗਰ ਸਿੰਘ ਅਤੇ ਗੁਰਮੀਤ ਸਿੰਘ ਜਰਮਨ ਆਦਿ ਨੂੰ ਯਾਦਗਾਰੀ ਚਿੰਨ੍ਹ ਅਤੇ ਲੋਈਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸਰਪੰਚ ਅਵਤਾਰ ਸਿੰਘ ਭੌਰ ਨੇ ਮੇਲੇ ਨੂੰ ਸਫਲ ਬਣਾਉਣ ਲਈ ਆਰਥਿਕ ਤੇ ਸੇਵਾਮਈ ਸਹਿਯੋਗ ਦੇਣ ਵਾਲੀਆਂ ਸਭ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।