
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਗੰਨੇ ਦੇ ਬਕਾਏ ਨੂੰ ਲੈ ਕੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕੀਤੀ ਮੀਟਿੰਗ

ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਗੰਨੇ ਦੇ ਬਕਾਏ ਨੂੰ ਲੈ ਕੇ ਕੀਤੀ ਮੀਟਿੰਗ
ਕਿਸਾਨਾਂ ਕੀਤਾ ਡਾ. ਚੱਬੇਵਾਲ ਦਾ ਧੰਨਵਾਦ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਸਾਥੀਆਂ ਨੇ ਸਿਵਲ ਸਕੱਤਰੇਤ ਪੰਜਾਬ, ਚੰਡੀਗੜ੍ਹ ਵਿਖੇ ਫਗਵਾੜਾ ਸ਼ੁਗਰ ਮਿੱਲ ਦੇ ਬਕਾਇਆ ਭੁਗਤਾਨ ਸਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਮਿੱਲ ਦੇ ਮਾਲਕ ਰਾਣਾ ਇੰਦਰ ਪ੍ਰਤਾਪ ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵੀ ਉਚੇਰੇ ਤੌਰ ’ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਫਗਵਾੜਾ ਦੀ ਸ਼ੁਗਰ ਮਿੱਲ ਵੱਲ ਲੰਬੇ ਸਮੇਂ ਤੋਂ ਬਕਾਇਆ ਪਏ ਲਗਭਗ 28 ਕਰੋੜ ਰੁਪਏ ਦੇ ਭੁਗਤਾਨ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਇਸ ਤੋਂ ਇਲਾਵਾ ਗੰਨੇ ਦੇ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਮੁੱਲ ਮੁਤਾਬਕ ਬਣਦੀ ਬਕਾਇਆ ਰਕਮ 18 ਕਰੋੜ 93 ਲੱਖ ਰੁਪਏ ਤੇ ਗੰਨਾ ਮਿੱਲਾਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਕੱਟੀ ਗਈ 41 ਰੁਪਏ 60 ਪੈਸੇ ਪ੍ਰਤੀ ਕੁਇੰਟਲ ਪੈਨਲਟੀ ਦੀ ਰਾਸ਼ੀ ਵੀ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਸੂਬਾ ਪ੍ਰੈਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਨੇ ਦੱਸਿਆ ਕਿ ਬਕਾਇਆ ਰਾਸ਼ੀ ਲੰਬੇ ਸਮੇਂ ਤੋਂ ਨਾ ਮਿਲਣ ਦੇ ਚਲਦਿਆਂ ਕਿਸਾਨਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਹੱਕ ਦੀ ਰਾਸ਼ੀ ਬਿਨਾਂ ਹੋਰ ਦੇਰੀ ਤੋਂ ਜਾਰੀ ਕੀਤੀ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਰਕਾਰ ਵੱਲ ਬਕਾਇਆ 18 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਬਹੁਤ ਜਲਦ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ੁਗਰ ਮਿੱਲ ਫਗਵਾੜਾ ਵੱਲ ਲਗਭਗ 28 ਕਰੋੜ ਰੁਪਏ ਦੇ ਬਕਾਏ ਦੀ ਵਸੂਲੀ ਸਬੰਧੀ ਵੀ ਜਲਦ ਹੱਲ ਲੱਭਣ ਦਾ ਭਰੋਸਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਡਾ. ਰਾਜਕੁਮਾਰ ਚੱਬੇਵਾਲ ਵੱਲੋਂ ਕਿਸਾਨਾਂ ਦੇ ਬਕਾਏ ਸਬੰਧੀ ਦਿਖਾਈ ਗੰਭੀਰਤਾ ਲਈ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਡਾ. ਅਰਸ਼ਦੀਪ ਸਿੰਘ ਥਿੰਦ ਤੋਂ ਇਲਾਵਾ ਕਿਸਾਨ ਆਗੂ ਕਿਰਪਾਲ ਸਿੰਘ ਮੂਸਾਪੁਰ, ਦਵਿੰਦਰ ਸਿੰਘ ਸੰਧਵਾਂ, ਕੁਲਵਿੰਦਰ ਸਿੰਘ ਅਠੌਲੀ, ਬਲਜਿੰਦਰ ਸਿੰਘ ਚੱਕ ਮੰਡੇਰ, ਬਲਜੀਤ ਸਿੰਘ ਹਰਦਾਸਪੁਰ, ਮਨਜੀਤ ਸਿੰਘ ਲੱਲੀ, ਮੇਜਰ ਸਿੰਘ ਅਠੌਲੀ, ਹਰਜੀਤ ਸਿੰਘ ਢੇਸੀ, ਕਸ਼ਮੀਰ ਸਿੰਘ ਪੰਨੂ, ਤਰਸੇਮ ਸਿੰਘ ਢਿੱਲੋਂ, ਗੁਰਭੇਜ ਸਿੰਘ ਭੋਗਪੁਰ ਤੇ ਬਿੰਦਰ ਫਰਾਲਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।