ਫਗਵਾੜਾ ਸ਼ੂਗਰ ਮਿੱਲ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦਾ 4 ਘੰਟੇ ਤੱਕ ਤਿੱਖਾ ਰੋਸ ਪ੍ਰਦਰਸ਼ਨ;
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਤੇ ਮਿੱਲ ਨੂੰ ਮੁੜ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਦੇ ਮੁੱਖ ਗੇਟ ਸਾਹਮਣੇ ਵਿਸ਼ਾਲ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਇਹ ਰੋਸ ਮੁਜ਼ਾਹਰਾ ਕਰੀਬ 4 ਘੰਟੇ ਚੱਲਿਆ, ਜਿਸ ਵਿੱਚ ਇਲਾਕੇ ਭਰ ਦੇ ਗੰਨਾ ਕਾਸ਼ਤਕਾਰਾਂ ਤੇ ਜਥੇਬੰਦੀ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਮੂਸਾਪੁਰ, ਸੂਬਾ ਮੀਤ ਪ੍ਰਧਾਨ ਸੰਤੋਖ ਸਿੰਘ ਲੱਖਪੁਰ, ਪ੍ਰੈੱਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਤੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਅਠੌਲੀ ਸਮੇਤ ਹੋਰ ਬੁਲਾਰਿਆਂ ਨੇ ਸੂਬਾ ਸਰਕਾਰ ਤੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਤਿੱਖੀ ਭੜਾਸ ਕੱਢੀ। ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦਾ ਮਿੱਲ ਮਾਲਕਾਂ ਵੱਲ ਕਰੀਬ 27 ਕਰੋੜ 84 ਲੱਖ ਰੁਪਏ ਤੇ ਸਰਕਾਰ ਵੱਲ ਕਰੀਬ 18 ਕਰੋੜ 93 ਲੱਖ ਰੁਪਏ ਦਾ ਬਕਾਇਆ ਪਿਛਲੇ ਕਈ ਸਾਲਾਂ ਤੋਂ ਲਟਕ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਕਾਇਆ ਪਹਿਲ ਦੇ ਆਧਾਰ ਤੇ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਕਿਨਾਰੇ ਹੋਣ ਦੇ ਬਾਵਜੂਦ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਕਿਸਾਨ ਆਗੂਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਪੈਸੇ ਦਿਵਾਉਣ ਦੀ ਬਜਾਏ ਮਿੱਲ ਨੂੰ ਸੀਲ ਕਰਕੇ ਅੰਨਦਾਤਾ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਗੰਨੇ ਦੀ ਫ਼ਸਲ ਖੇਤਾਂ ਵਿੱਚ ਪੱਕ ਕੇ ਤਿਆਰ ਹੈ ਤੇ ਮਿੱਲ ਬੰਦ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੂਰ-ਦੁਰਾਢੇ ਦੀਆਂ ਮਿੱਲਾਂ ਵਿੱਚ ਲਿਜਾਣ ਲਈ ਖੱਜਲ-ਖੁਆਰ ਹੋਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਫਗਵਾੜਾ ਸ਼ੂਗਰ ਮਿੱਲ ਨੂੰ ਆਪਣੇ ਅਧੀਨ ਲੈ ਕੇ ਖੁਦ ਚਲਾਵੇ, ਪਰ ਉਸ ਤੋਂ ਪਹਿਲਾਂ ਕਿਸਾਨਾਂ ਦੀ ਪਾਈ-ਪਾਈ ਦਾ ਹਿਸਾਬ ਕੀਤਾ ਜਾਵੇ। ਇਸ ਦੌਰਾਨ ਆਗੂਆਂ ਨੇ ਝੋਨੇ ਦੀ ਸਰਕਾਰੀ ਖਰੀਦ ਵਿੱਚ ਆ ਰਹੀਆਂ ਮੁਸ਼ਕਲਾਂ ਦੀ ਵੀ ਸਖ਼ਤ ਨਿਖੇਧੀ ਕੀਤੀ। ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਪੂਰੀ ਤਰ੍ਹਾਂ ਚੌਕਸ ਨਜ਼ਰ ਆਈ। ਹਾਲਾਂਕਿ ਕਿਸਾਨਾਂ ਨੇ ਹਾਈਵੇਅ ਜਾਮ ਨਹੀਂ ਕੀਤਾ, ਪਰ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਬਾਅਦ ਦੁਪਹਿਰ ਤਹਿਸੀਲਦਾਰ ਸੁਖਚਰਨ ਸਿੰਘ, ਐੱਸਪੀ ਮੇਜਰ ਸਿੰਘ ਤੇ ਡੀਐੱਸਪੀ ਪਲਵਿੰਦਰ ਸਿੰਘ ਧਰਨੇ ਵਾਲੀ ਥਾਂ ਤੇ ਪਹੁੰਚੇ। ਉਨ੍ਹਾਂ ਕਿਸਾਨ ਆਗੂਆਂ ਨੂੰ ਗੰਨਾ ਕਮਿਸ਼ਨਰ ਪੰਜਾਬ ਦੇ ਦਸਤਖਤਾਂ ਵਾਲਾ ਇੱਕ ਅਧਿਕਾਰਤ ਪੱਤਰ ਸੌਂਪਿਆ, ਜਿਸ ਵਿੱਚ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਾਲ ਮੀਟਿੰਗ ਤੈਅ ਹੋਣ ਦਾ ਭਰੋਸਾ ਦਿੱਤਾ ਗਿਆ। ਪ੍ਰਸ਼ਾਸਨਿਕ ਭਰੋਸੇ ਤੋਂ ਬਾਅਦ ਦੁਪਹਿਰ ਕਰੀਬ 2 ਵਜੇ ਧਰਨਾ ਸਮਾਪਤ ਕਰਨ ਦਾ ਐਲਾਨ ਕਰਦਿਆਂ ਮਨਜੀਤ ਸਿੰਘ ਰਾਏ ਨੇ ਮੀਡੀਆ ਨੂੰ ਦੱਸਿਆ ਕਿ ਜੱਥੇਬੰਦੀ ਦਾ 11 ਮੈਂਬਰੀ ਵਫ਼ਦ ਭਲਕੇ ਚੰਡੀਗੜ੍ਹ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰੇਗਾ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਠੋਸ ਹੱਲ ਨਾ ਨਿਕਲਿਆ ਜਾਂ ਕਿਸਾਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਰੋਸ ਪ੍ਰਦਰਸ਼ਨ ਦੌਰਾਨ ਕਸ਼ਮੀਰ ਸਿੰਘ ਪੰਨੂ, ਬਲਵਿੰਦਰ ਸਿੰਘ ਸਾਬੀ, ਰਸ਼ਪਾਲ ਸਿੰਘ ਸ਼ਾਦੀਪੁਰ, ਹਰਮਿੰਦਰ ਸਿੰਘ ਰਾਣਾ, ਦਵਿੰਦਰ ਸਿੰਘ ਸੰਧਵਾ, ਬਾਬਾ ਜਗਜੀਤ ਸਿੰਘ, ਗੁਰਸ਼ਰਨ ਸਿੰਘ ਚੀਮਾ ਪੰਡੋਰੀ, ਜਸਵੰਤ ਸਿੰਘ ਕਾਹਲੋਂ, ਕੁਲਜੀਤ ਸਿੰਘ ਖਾਨਖਾਨਾ, ਜਸਬੀਰ ਸਿੰਘ ਚੇਲਾ, ਬਹਾਦਰ ਸਿੰਘ ਦਿਆਲਪੁਰ, ਤਰਸੇਮ ਸਿੰਘ ਢਿੱਲੋਂ ਫਿਲੌਰ, ਮਨਜੀਤ ਸਿੰਘ ਲੱਲੀਆਂ, ਬਲਜਿੰਦਰ ਸਿੰਘ, ਬਲਜੀਤ ਸਿੰਘ, ਚੂਹੜ ਸਿੰਘ ਗੰਢਮ, ਹਰਦੀਪ ਸਿੰਘ ਨਸੀਰਾਬਾਦ, ਰਾਜਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਚੇਤਨ ਸਿੰਘ ਤੱਖਰ, ਕਸ਼ਮੀਰ ਸਿੰਘ ਪੁਆਦੜਾ, ਜਸਬੀਰ ਸਿੰਘ ਬੜਾ ਪਿੰਡ, ਰਣਜੀਤ ਸਿੰਘ, ਹਰਮਿੰਦਰ ਸਿੰਘ, ਰਾਜਾ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ, ਬਲਜਿੰਦਰ ਸਿੰਘ ਫਿਲੌਰ, ਇਕਬਾਲ ਸਿੰਘ, ਗੁਰਭੇਜ ਸਿੰਘ ਸੰਘਾ, ਮੱਖਣ ਸਿੰਘ ਟੋਡਰਪੁਰ, ਜਸਵੰਤ ਸਿੰਘ ਨੂਰਮਹਿਲ, ਬਿੰਦਰ ਫਰਾਲਾ, ਅਵਤਾਰ ਸਿੰਘ, ਸ਼ਰਨਜੀਤ ਸਿੰਘ, ਕੁਲਜੀਤ ਸਿੰਘ, ਰਾਜੂ ਵਿਰਕ, ਜਸਵਿੰਦਰ ਸਿੰਘ ਲੱਲੀਆਂ, ਸਨੀ ਵਾਹਦ, ਸੁਰਿੰਦਰ ਸਿੰਘ ਮਲਕਪੁਰ, ਨਿਰਮਲ ਸਿੰਘ ਸੱਲ੍ਹ ਪਲਾਹੀ, ਪਰਵਿੰਦਰ ਸਿੰਘ, ਨਰਿੰਦਰ ਸਿੰਘ ਗੋਲਡੀ, ਹਰਿੰਦਰ ਸਿੰਘ ਸ਼ੇਰਗਿੱਲ, ਬਹਾਦਰ ਸਿੰਘ ਪਲਾਹੀ, ਦਵਿੰਦਰ ਸਿੰਘ ਸੰਘੋਵਾਲ, ਰਣਜੀਤ ਸਿੰਘ ਖੇੜਾ, ਉਂਕਾਰ ਸਿੰਘ ਕਾਹਨਾ ਢੇਸੀਆਂ, ਬਲਵਿੰਦਰ ਸਿੰਘ ਨਵਾਂਸ਼ਹਿਰ ਸਮੇਤ ਸਰਕਲ ਫਗਵਾੜਾ ਦੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।