ਤਿਉਹਾਰੀ ਸੀਜ਼ਨ ’ਚ ਖੋਏ ਦੀਆਂ ਮਠਿਆਈਆਂ ਤੋਂ ਰਹੋ ਸਾਵਧਾਨ ਤਿਉਹਾਰੀ ਸੀਜ਼ਨ ’ਚ ਖੋਏ ਦੀਆਂ ਮਠਿਆਈਆਂ ਤੋਂ ਰਹੋ ਸਾਵਧਾਨ : ਮਨਜੀਤ ਸਿੰਘ ਰਾਏ/ਪਾਲਾ ਮੌਲੀ
Publish Date: Tue, 18 Aug 2026 06:54 PM (IST)
Updated Date: Tue, 18 Aug 2026 06:57 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਯੂਨੀਅਨ ਦੇ ਆਗੂਆਂ ਵੱਲੋਂ ਸਿਹਤ ਵਿਭਾਗ ਨਾਲ ਜੁੜੇ ਮਾਮਲਿਆਂ ਤੇ ਪੰਜਾਬ ਦੇ ਵਿਗੜ ਰਹੇ ਹੈਲਥ ਸਿਸਟਮ ਨੂੰ ਲੈ ਕੇ ਡਾ. ਲਖਵੀਰ ਸਿੰਘ ਰਿਟਾ. ਫੂਡ ਸੇਫਟੀ ਅਫਸਰ (ਡੀਐੱਫਐੱਸਓ) ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਦੌਰਾਨ ਖਾਸ ਤੌਰ ’ਤੇ ਬਾਜ਼ਾਰ ਵਿੱਚ ਵਿਕ ਰਹੀਆਂ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਤੇ ਨਕਲੀ ਜਾਂ ਮਿਲਾਵਟੀ ਵਸਤਾਂ ਦੇ ਸੇਵਨ ਨਾਲ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਲਖਵੀਰ ਸਿੰਘ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਬਾਜ਼ਾਰਾਂ ਵਿੱਚ ਮਠਿਆਈਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ। ਅਜਿਹੇ ਸਮੇਂ ਵਿੱਚ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਵਿਸ਼ੇਸ਼ ਤੌਰ ’ਤੇ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਖਪਤਕਾਰਾਂ ਨੂੰ ਸਾਫ਼-ਸੁਥਰੀਆਂ ਤੇ ਭਰੋਸੇਯੋਗ ਥਾਵਾਂ ਤੋਂ ਹੀ ਖਾਣ-ਪੀਣ ਦੀਆਂ ਵਸਤਾਂ ਖਰੀਦਣੀਆਂ ਚਾਹੀਦੀਆਂ ਹਨ ਤੇ ਸ਼ੱਕੀ ਜਾਂ ਘਟੀਆ ਗੁਣਵੱਤਾ ਵਾਲੀਆਂ ਵਸਤਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਖਾਸ ਤੌਰ ’ਤੇ ਤਿਉਹਾਰੀ ਸੀਜ਼ਨ ਦੌਰਾਨ ਖੋਏ ਤੋਂ ਤਿਆਰ ਹੋਣ ਵਾਲੀਆਂ ਮਠਿਆਈਆਂ ਦੀ ਵਰਤੋਂ ਸਬੰਧੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਸੂਬਾ ਪ੍ਰੈੱਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਨੇ ਦੱਸਿਆ ਕਿ ਡਾ. ਲਖਵੀਰ ਸਿੰਘ ਆਪਣੀ ਸਰਵਿਸ ਦੌਰਾਨ ਖਾਦ ਪਦਾਰਥਾਂ ਦੀ ਗੁਣਵਤਾ ਨੂੰ ਲੈ ਕੇ ਰੇਡ ਕਰਨ ਦੀ ਵਜ੍ਹਾ ਨਾਲ ਕਾਫੀ ਚਰਚਾ ਵਿੱਚ ਰਹੇ ਹਨ। ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਵਰਗੇ ਹੋਰ ਅਫਸਰਾਂ ਵੱਲੋਂ ਆਮ ਲੋਕਾਂ ਦੀ ਸਿਹਤ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਕਿਸਾਨ ਆਗੂਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰੀ ਸੀਜ਼ਨ ਦੌਰਾਨ ਖੋਏ ਦੀਆਂ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਖਰੀਦਦਾਰੀ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ। ਇਸ ਮੌਕੇ ਕਿਰਪਾਲ ਸਿੰਘ ਮੂਸਾਪੁਰ, ਦਵਿੰਦਰ ਸਿੰਘ ਸੰਧਵਾਂ, ਕੁਲਵਿੰਦਰ ਸਿੰਘ ਅਠੌਲੀ, ਬਲਜਿੰਦਰ ਸਿੰਘ ਚੱਕ ਮੰਡੇਰ, ਬਲਜੀਤ ਸਿੰਘ ਹਰਦਾਸਪੁਰ, ਮਨਜੀਤ ਸਿੰਘ ਲੱਲੀ, ਮੇਜਰ ਸਿੰਘ ਅਠੌਲੀ, ਹਰਜੀਤ ਸਿੰਘ ਢੇਸੀ, ਕਸ਼ਮੀਰ ਸਿੰਘ ਪੰਨੂ, ਤਰਸੇਮ ਸਿੰਘ ਢਿੱਲੋਂ, ਗੁਰਭੇਜ ਸਿੰਘ ਭੋਗਪੁਰ ਅਤੇ ਬਿੰਦਰ ਫਰਾਲਾ ਆਦਿ ਹਾਜ਼ਰ ਸਨ।