ਭਾਜਪਾ ਸਰਕਾਰ ਬਣਦਿਆਂ ਹੀ ਸਭ ਨੂੰ ਮਿਲੇਗਾ ਕੇਂਦਰੀ ਸਕੀਮਾਂ ਦਾ ਲਾਭ : ਸਾਂਪਲਾ
"ਭਾਜਪਾ ਸਰਕਾਰ ਬਣਦਿਆਂ ਹੀ ਕੇਂਦਰ ਦੀਆਂ ਸਕੀਮਾਂ ਦਾ ਲਾਭ ਘਰ-ਘਰ ਪਹੁੰਚੇਗਾ: ਆਸ਼ੂ ਸਾਂਪਲਾ"
Publish Date: Thu, 04 Jun 2026 08:39 PM (IST)
Updated Date: Fri, 05 Jun 2026 03:39 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੀਨੀਅਰ ਭਾਜਪਾ ਆਗੂ ਆਸ਼ੂ ਸਾਂਪਲਾ, ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ, ਯੁਵਾ ਮੋਰਚਾ ਦੇ ਜ਼ਿਲ੍ਹਾ ਸਕੱਤਰ ਲੋਕੇਸ਼ ਬਾਲੀ ਨੇ ਕਿਹਾ ਕਿ ਪੰਜਾਬ ਵਿਚ 2027 ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਦਾ ਲਾਭ ਬਿਨਾਂ ਕਿਸੇ ਰੁਕਾਵਟ ਦੇ ਸਿੱਧਾ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਹਾਲਾਤਾਂ ਵਿਚ ਕੇਂਦਰ ਦੀਆਂ ਕਈ ਅਹਿਮ ਯੋਜਨਾਵਾਂ ਦਾ ਪੂਰਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ, ਜਿਸ ਕਾਰਨ ਵਿਕਾਸ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ। ਆਸ਼ੂ ਸਾਂਪਲਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਪੰਜਾਬ ਵਿਚ ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਨੂੰ ਯਕੀਨੀ ਬਣਾਏਗੀ, ਜਿਸ ਨਾਲ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ, ਵਪਾਰੀਆਂ ਤੇ ਗਰੀਬ ਵਰਗ ਲਈ ਚਲਾਈਆਂ ਜਾ ਰਹੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਸਿੱਧਾ ਲਾਭ ਲੋਕਾਂ ਤੱਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਭਰ ਵਿਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਹੋਏ ਹਨ ਤੇ ਪੰਜਾਬ ਨੂੰ ਵੀ ਇਸ ਵਿਕਾਸ ਯਾਤਰਾ ਨਾਲ ਜੋੜਨਾ ਭਾਜਪਾ ਦੀ ਪਹਿਲ ਹੈ। ਆਸ਼ੂ ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਰਾਜਨੀਤੀ ਤੋਂ ਉੱਪਰ ਉੱਠ ਕੇ ਵਿਕਾਸ, ਰੋਜ਼ਗਾਰ ਤੇ ਬਿਹਤਰ ਪ੍ਰਸ਼ਾਸਨ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਭਾਜਪਾ ਪੰਜਾਬ ਵਿਚ ਇਕ ਮਜ਼ਬੂਤ ਬਦਲ ਵਜੋਂ ਉਭਰੇਗੀ ਤੇ ਸੂਬੇ ਨੂੰ ਤਰੱਕੀ, ਨਿਵੇਸ਼ ਤੇ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਉਦੇਸ਼ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ਤੇ ਲਿਆਉਣਾ ਹੈ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਮਿਲ ਸਕੇ ਤੇ ਸੂਬਾ ਦੇਸ਼ ਦੇ ਮੋਹਰੀ ਰਾਜਾਂ ਦੀ ਕਤਾਰ ਵਿਚ ਸ਼ਾਮਲ ਹੋ ਸਕੇ। ਆਸ਼ੂ ਸਾਂਪਲਾ, ਬਲਵਿੰਦਰ ਠਾਕੁਰ ਤੇ ਲੋਕੇਸ਼ ਬਾਲੀ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਅਸਫਲ ਰਹੀ ਹੈ। ਕੇਂਦਰ ਸਰਕਾਰ ਵੱਲੋਂ ਗਰੀਬਾਂ, ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਕਈ ਮਹੱਤਵਪੂਰਨ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਪਰ ਪੰਜਾਬ ਸਰਕਾਰ ਦੀ ਲਾਪਰਵਾਹੀ ਤੇ ਕਮਜ਼ੋਰ ਪ੍ਰਬੰਧਨ ਕਾਰਨ ਇਨ੍ਹਾਂ ਦਾ ਪੂਰਾ ਲਾਭ ਲੋਕਾਂ ਤੱਕ ਨਹੀਂ ਪਹੁੰਚ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਸੀਮਿਤ ਹੈ, ਜਦਕਿ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ, ਪਰ ਪੰਜਾਬ ਵਿਚ ਸਰਕਾਰੀ ਮਸ਼ੀਨਰੀ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਤੇ ਉਹ ਉਨ੍ਹਾਂ ਦੇ ਹੱਕ ਦਿਵਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ।