ਨਸ਼ੇ ਦਾ ਸੇਵਨ ਕਰਦੇ ਤਿੰਨ ਕਾਬੂ ਬੇਗੋਵਾਲ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰਦੇ ਤਿੰਨ ਨੌਜਵਾਨ ਕਾਬੂ, 100 ਫੁੱਟੀ ਰੋਡ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ
Publish Date: Sun, 20 Sep 2026 09:51 PM (IST)
Updated Date: Sun, 20 Sep 2026 09:53 PM (IST)
100 ਫੁੱਟੀ ਰੋਡ ਤੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਬੇਗੋਵਾਲ : ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਬੇਗੋਵਾਲ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੌਰਾਨ 100 ਫੁੱਟੀ ਰੋਡ, ਪਿੰਡ ਮਕਸੂਦਪੁਰ ਤਰਫ਼ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਦਾਣਾ ਮੰਡੀ ਬੇਗੋਵਾਲ ਨੂੰ ਕਰਾਸ ਕਰਨ ਲੱਗੀ ਤਾਂ ਮੰਡੀ ਦੀ ਕੰਧ ਦੇ ਨਾਲ ਤਿੰਨ ਨੌਜਵਾਨ ਬੈਠੇ ਦਿਖਾਈ ਦਿੱਤੇ। ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਤਾਂ ਤਿੰਨੇ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਪਾਏ ਗਏ। ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਨਾਮ-ਪਤੇ ਪੁੱਛੇ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ, ਸੋਮ ਲਾਲ ਪੁੱਤਰ ਅਨੋਖ ਸਿੰਘ ਦੋਵੇਂ ਵਾਸੀ ਪੀਰਪੁਰ ਬਾਣਾ, ਕਰਤਾਰਪੁਰ, ਜ਼ਿਲ੍ਹਾ ਜਲੰਧਰ ਤੇ ਬਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਖੰਭਾ ਬਾਣਾ, ਭੁਲੱਥ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਵੱਲੋਂ ਤਿੰਨਾਂ ਖ਼ਿਲਾਫ਼ ਥਾਣਾ ਬੇਗੋਵਾਲ ਵਿਖੇ ਧਾਰਾ 27/61/85 ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮਾਂ ਪਾਸੋਂ ਨਸ਼ੀਲੇ ਪਦਾਰਥ ਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ।