ਮੰਦਿਰ ਦੇ ਬਾਹਰ ਭਿਖਾਰਨ ਦੀ ਚੱਪਲਾਂ ਨਾਲ ਕੁੱਟਮਾਰ ਮੰਦਿਰ ਦੇ ਬਾਹਰ ਭਿਖਾਰਨ ਨਾਲ ਚੱਪਲਾਂ ਨਾਲ ਕੁੱਟਮਾਰ, ਸੀਸੀਟੀਵੀ ਵੀਡੀਓ ਵਾਇਰਲ
Publish Date: Thu, 13 Aug 2026 09:39 PM (IST)
Updated Date: Thu, 13 Aug 2026 09:41 PM (IST)
ਸੀਸੀਟੀਵੀ ਵੀਡੀਓ ਵਾਇਰਲ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਇਤਿਹਾਸਕ ਮਾਤਾ ਭੱਦਰਕਾਲੀ ਮੰਦਿਰ ਦੇ ਬਾਹਰ ਬੱਚੇ ਨਾਲ ਬੈਠੀ ਇੱਕ ਮਹਿਲਾ ਭਿਖਾਰਨ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਾਇਰਲ ਵੀਡੀਓ ਦੇ ਆਧਾਰ ’ਤੇ ਮਹਿਲਾ ਕਮਿਸ਼ਨ ਦੇ ਦਖ਼ਲ ਤੇ ਪੁਲਿਸ ਵੱਲੋਂ ਖ਼ੁਦ ਨੋਟਿਸ ਲੈਂਦਿਆਂ ਮੁਲਜ਼ਮ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਵਿੱਚ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੰਦਿਰ ਦੇ ਗੇਟ ਦੇ ਬਾਹਰ ਬੈਠੀ ਮਹਿਲਾ ਨਾਲ ਇੱਕ ਵਿਅਕਤੀ ਵੱਲੋਂ ਚੱਪਲਾਂ ਨਾਲ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਮੁਲਜ਼ਮ ਪਹਿਲਾਂ ਮਹਿਲਾ ਨੂੰ ਚੱਪਲਾਂ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ। ਆਸ-ਪਾਸ ਮੌਜੂਦ ਲੋਕਾਂ ਵੱਲੋਂ ਉਸ ਨੂੰ ਰੋਕਣ ਤੇ ਮਹਿਲਾ ਨੂੰ ਛੁਡਾਉਣ ਦੇ ਬਾਵਜੂਦ ਮੁਲਜ਼ਮ ਨੇ ਮਹਿਲਾ ਨੂੰ ਲੱਤ ਵੀ ਮਾਰੀ। ਸੂਤਰਾਂ ਅਨੁਸਾਰ ਮੁਲਜ਼ਮ ਵਿਅਕਤੀ ਮੰਦਿਰ ਦੇ ਸਾਹਮਣੇ ਹੀ ਦੁਕਾਨ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨਾਲ ਬੈਠੇ ਬੱਚਿਆਂ ਵੱਲੋਂ ਕਥਿਤ ਤੌਰ ’ਤੇ ਮੁਲਜ਼ਮ ਦੇ ਮੋਟਰਸਾਈਕਲ ਨਾਲ ਛੇੜਛਾੜ ਕੀਤੇ ਜਾਣ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਮਹਿਲਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਹਾਲਾਂਕਿ ਮਹਿਲਾ ਵੱਲੋਂ ਇਸ ਮਾਮਲੇ ਸਬੰਧੀ ਅਜੇ ਤੱਕ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਕਮਿਸ਼ਨ ਤੇ ਹਿਊਮਨ ਰਾਈਟਸ ਕੋਰ ਕਮੇਟੀ ਵੱਲੋਂ ਵੀ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ । ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਵੀਡੀਓ ਵਿੱਚ ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀ ਦੀ ਪਛਾਣ ਵਿਕਾਸ ਸ਼ਰਮਾ ਪੁੱਤਰ ਪਵਨ ਕੁਮਾਰ, ਵਾਸੀ ਸ਼ੇਖੂਪੁਰ ਵਜੋਂ ਹੋਈ ਹੈ। ਮੁਲਜ਼ਮ ਮੰਦਿਰ ਦੇ ਸਾਹਮਣੇ ਦੁਕਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਖ਼ੁਦ ਨੋਟਿਸ ਲੈਂਦਿਆਂ ਥਾਣਾ ਸਿਟੀ ਵਿੱਚ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰ ਲਈ ਹੈ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ । --ਇਸ ਮਾਮਲੇ ਵਿਚ ਕਮੇਟੀ ਮੀਟਿੰਗ ਤੋਂ ਬਾਅਦ ਲਵੇਗੀ ਫੈਸਲਾ : ਪ੍ਰਧਾਨ ਪਾਸੀ ਜਦੋਂ ਇਸ ਸਬੰਧੀ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ, ਪਰ ਜਦੋਂ ਉਨ੍ਹਾਂ ਪਾਸੋਂ ਪੁੱਛਿਆ ਗਿਆ ਕਿ ਆਪਣੇ ਆਪ ਕਮਾਉਣ ਤੋਂ ਅਸਮਰੱਥ ਇਕ ਲੋੜਵੰਦ ਔਰਤ ਆਪਣੇ ਛੋਟੇ ਬੱਚੇ ਨੂੰ ਲੈ ਕੇ ਮੰਦਿਰ ਦੇ ਗੇਟ ਦੇ ਬਾਹਰ ਮੰਗਣ ਵਾਸਤੇ ਬੈਠੀ ਸੀ ਤਾਂ ਇਕ ਵਿਅਕਤੀ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ, ਇਸ ’ਤੇ ਤੁਹਾਡੀ ਕਮੇਟੀ ਵੱਲੋਂ ਕੀ ਐਕਸ਼ਨ ਲਿਆ ਗਿਆ। ਉਨ੍ਹਾਂ ਕਿਹਾ ਕਿ ਜੋ ਦੁਕਾਨਦਾਰ ਹੈ, ਸਾਡਾ ਹੀ ਕਿਰਾਏਦਾਰ ਹੈ ਪਰ ਉਸ ਵੱਲੋਂ ਜੋ ਇਹ ਕੰਮ ਕੀਤਾ ਗਿਆ ਹੈ, ਇਸ ਸਬੰਧੀ ਮਾਮਲਾ ਦਰਜ ਹੋ ਗਿਆ ਹੈ। ਅਸੀਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਤੇ ਸਾਡੀ ਕਮੇਟੀ ਵੱਲੋਂ ਜਲਦ ਮੀਟਿੰਗ ਬੁਲਾਈ ਜਾਵੇਗੀ। ਮੀਟਿੰਗ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਇਸਦੇ ਖਿਲਾਫ਼ ਕੀ ਫੈਸਲਾ ਲਿਆ ਜਾਣਾ ਹੈ ।