ਮੌਨਸੂਨ ਤੋਂ ਪਹਿਲਾਂ ਦਰਿਆ ਬਿਆਸ ਦਾ ਮੰਡ ਖੇਤਰ ’ਚ ਕਹਿਰ ਸ਼ੁਰੂ ਮਾਨਸੂਨ ਤੋਂ ਪਹਿਲਾਂ ਦਰਿਆ ਬਿਆਸ ਦਾ ਮੰਡ ਖੇਤਰ ਵਿੱਚ ਕਹਿਰ ਸ਼ੁਰੂ
Publish Date: Sun, 12 Jul 2026 08:24 PM (IST)
Updated Date: Mon, 13 Jul 2026 04:07 AM (IST)
- ਪਿੰਡ ਰਾਮਪੁਰ ਗੋਰੇ ’ਚ ਪਾਣੀ ਪੱਧਰ ਵਧਣ ਨਾਲ ਘਰ ਢਹਿ-ਢੇਰੀ, ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਕੈਪਸ਼ਨ : 12ਕੇਪੀਟੀ10 ਦਰਿਆ ਬਿਆਸ ਵਿੱਚ ਪਾਣੀ ਦੇ ਪੱਧਰ ਵਧਣ ਦਾ ਦ੍ਰਿਸ਼ । ਕੈਪਸ਼ਨ : 12ਕੇਪੀਟੀ11,12 ਦਰਿਆ ਦੀ ਢਾਅ ਕਾਰਨ ਡਿੱਗ ਰਹੇ ਨਿਹੰਗ ਮਿਲਖਾ ਸਿੰਘ ਦੇ ਘਰ ਦੀਆਂ ਤਸਵੀਰਾਂ । ਕੈਪਸ਼ਨ : 12ਕੇਪੀਟੀ13 ਨਿਹੰਗ ਮਿਲਖਾ ਸਿੰਘ, ਨਿਹੰਗ ਨਥਾ ਸਿੰਘ ਤੇ ਕੌਂਸਲਰ ਦਿਲਬਾਗ ਸਿੰਘ ਗਿੱਲ ਗੱਲਬਾਤ ਕਰਦੇ ਹੋਏ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਹਾੜੀ ਤੇ ਮੈਦਾਨੀ ਖੇਤਰ ’ਚ ਪੈ ਰਹੀ ਲਗਾਤਾਰ ਰੁਕ-ਰੁਕ ਕੇ ਪ੍ਰੀ ਮੌਨਸੂਨ ਦੀ ਭਾਰੀ ਬਾਰਿਸ਼ ਨੇ ਦਰਿਆ ਬਿਆਸ ਰਾਹੀਂ ਆਪਣਾ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨੂੰ ਆਪਣੀ ਲਪੇਟ ’ਚ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਇਸ ਵਾਰ ਫਿਰ ਮੰਡ ਖੇਤਰ ’ਚ ਹੜ੍ਹ ਦਾ ਖਤਰਾ ਮੰਡਰਾਉਣ ਲੱਗਾ ਹੈ। ਹਾਲਾਂਕਿ ਮੌਨਸੂਨ ਦਾ ਮੌਸਮ ਪੂਰੀ ਤਰ੍ਹਾਂ ਨਾਲ ਆਉਣਾ ਬਾਕੀ ਹੈ ਪਰ ਦਰਿਆ ਨੇ ਹੁਣ ਤੋਂ ਹੀ ਕਈ ਘਰਾਂ ਤੇ ਕੀਮਤੀ ਜ਼ਮੀਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਦਰਿਆ ਬਿਆਸ ’ਚ ਪਾਣੀ ਦਾ ਪੱਧਰ ਵਧਣ ਕਾਰਨ ਨਿਹੰਗ ਮਿਲਖਾ ਸਿੰਘ ਦਾ ਘਰ ਵੀ ਹੁਣ ਦਰਿਆ ਦੀ ਭੇਟ ਚੜ੍ਹ ਗਿਆ ਹੈ। ਨਿਹੰਗ ਮਿਲਖਾ ਸਿੰਘ ਦੇ ਸਿਰ ਤੋਂ ਵੀ ਛੱਤ ਚਲੀ ਗਈ ਹੈ, ਜਿਸ ਕਾਰਨ ਹੁਣ ਇਹ ਪੀੜਤ ਪਰਿਵਾਰ ਬਾਬਾ ਬਿਧੀ ਚੰਦ ਜੀ ਦੇ ਡੇਰੇ ਸੁਲਤਾਨਪੁਰ ਲੋਧੀ ’ਚ ਰਹਿ ਕੇ ਆਪਣਾ ਗੁਜ਼ਾਰਾ ਕਰਨ ਲਈ ਮਜਬੂਰ ਹੈ। ਪੀੜਤ ਪਰਿਵਾਰ ਦੇ ਨਿਹੰਗ ਮਿਲਖਾ ਸਿੰਘ ਨੇ ਦੱਸਿਆ ਕਿ ਹਾਲੇ ਤਾਂ 2025 ਦੇ ਹੜ੍ਹ ਦੇ ਜ਼ਖ਼ਮ ਵੀ ਅੱਲੇ ਸਨ ਤੇ ਹੁਣ ਲੱਗਦਾ ਹੈ ਕਿ 2026 ’ਚ ਕੁਝ ਨਹੀਂ ਬਚਣਾ। 2025 ’ਚ ਆਏ ਹੜ੍ਹ ਨੇ ਜਿੱਥੇ ਇਸ ਘਰ ਨਾਲ ਲੱਗਦੇ 9 ਘਰ ਹੋਰ ਤਬਾਹ ਕਰ ਦਿੱਤੇ ਸਨ ਤੇ ਸਿਰਫ ਇਕ ਹੀ ਇਹ ਘਰ ਬਚਿਆ ਸੀ, ਜਿਸ ਉਪਰ ਪੈ ਰਹੀ ਬਾਰਿਸ਼ ਕਾਰਨ ਭਾਰੀ ਤਬਾਹੀ ਨੇ ਆਪਣਾ ਕਹਿਰ ਵਰਤਾ ਦਿੱਤਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਪਿਛਲੇ ਸਾਲ ਆਏ ਹੜ੍ਹ ਨੂੰ ਇਕ ਸਾਲ ਦਾ ਸਮਾਂ ਬੀਤ ਚੱਲਿਆ ਹੈ ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਢੁਕਵੀਂ ਮਦਦ ਜਾਂ ਮੁਆਵਜ਼ਾ ਨਹੀਂ ਮਿਲਿਆ। ਜਿਨ੍ਹਾਂ ਲੋਕਾਂ ਦੀ ਰਜਿਸਟਰੀ ਵਾਲੀ ਜ਼ਮੀਨ, ਘਰ ਤੇ ਜਾਇਦਾਦ ਦਰਿਆ ’ਚ ਰੁੜ ਗਏ ਉਹ ਅੱਜ ਵੀ ਇਨਸਾਫ ਤੇ ਰਾਹਤ ਦੀ ਉਡੀਕ ਕਰ ਰਹੇ ਹਨ। ਮੌਜੂਦਾ ਸਮੇਂ ਵੀ ਬਿਆਸ ਦਰਿਆ ਲਗਾਤਾਰ ਢਾਅ ਲਾ ਰਿਹਾ ਹੈ ਤੇ ਕਈ ਹੋਰ ਘਰ ਖਤਰੇ ’ਚ ਹਨ। ਜੇਕਰ ਆਉਣ ਵਾਲੇ ਦਿਨਾਂ ’ਚ ਮਾਨਸੂਨ ਦੌਰਾਨ ਹੋਰ ਬਾਰਿਸ਼ ਹੁੰਦੀ ਹੈ ਤਾਂ ਹਾਲਤ ਹੋਰ ਵੀ ਗੰਭੀਰ ਹੋ ਸਕਦੇ ਹਨ। ਕੀ ਕਹਿਣੈ ਨਿਹੰਗ ਮਿਲਖਾ ਸਿੰਘ ਤੇ ਹੋਰਾਂ ਦਾ ਇਸ ਸਬੰਧੀ ਗੱਲਬਾਤ ਕਰਦਿਆਂ ਨਿਹੰਗ ਮਿਲਖਾ ਸਿੰਘ, ਨਿਹੰਗ ਨੱਥਾ ਸਿੰਘ, ਸਮਾਜ ਸੇਵੀ ਕੌਂਸਲਰ ਦਿਲਬਾਗ ਸਿੰਘ ਗਿੱਲ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਤੁਰੰਤ ਇਸ ਪਰਿਵਾਰ ਦੀ ਮਦਦ ਕਰਨ ਦੀ ਬੇਹੱਦ ਜ਼ਰੂਰਤ ਹੈ, ਕਿਉਂਕਿ ਇਸ ਘਰ ਸਮੇਤ ਹੋਰ ਕਈ ਘਰ ਪਹਿਲਾਂ ਹੀ ਹੜ੍ਹ ਦੀ ਲਪੇਟ ’ਚ ਆਉਣ ਕਾਰਨ ਆਪਣਾ ਮਕਾਨ, ਫ਼ਸਲ ਤੇ ਜ਼ਮੀਨ ਨੂੰ ਗੁਆ ਬੈਠੇ ਹਨ। ਨਿਹੰਗ ਮਿਲਖਾ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ’ਤੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹਾਲੇ ਤੱਕ ਸਰਕਾਰ ਤੇ ਪ੍ਰਸ਼ਾਸਨ ਨੇ ਨਾ ਤਾਂ ਪਹਿਲਾਂ ਤੇ ਨਾ ਹੀ ਹੁਣ ਕੋਈ ਮੁਆਵਜ਼ਾ ਦਿੱਤਾ ਹੈ। ਜਿਹੜੀ ਸਰਕਾਰ ਪਹਿਲਾਂ ਮੁਆਵਜ਼ੇ ਦੇਣ ਦੇ ਦਾਅਵੇ ਕਰਦੀ ਸੀ ਉਹ ਸਭ ਦਾਅਵੇ ਖੋਖਲੇ ਸਾਬਤ ਹੋਏ ਹਨ। ਇਹ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਣ ’ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।