ਪ੍ਰਬੰਧਕੀ ਜਵਾਬਦੇਹੀ ਵੱਲ ਵੀ ਧਿਆਨ ਦੇਣਾ ਸਿਆਸੀ ਪਾਰਟੀਆਂ ਪ੍ਰਬੰਧਕੀ ਜਵਾਬਦੇਹੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ : ਪੰਡਿਤ/ਅਸ਼ੋਕ/ਵਾਲੀਆ
Publish Date: Fri, 20 Nov 2026 08:59 PM (IST)
Updated Date: Fri, 20 Nov 2026 09:01 PM (IST)
--ਸ਼ਹੀਦਾਂ ਦੇ ਮ੍ਰਿਤਕ ਸਰੀਰ ਡੰਪਰਾਂ ਵਿੱਚ ਆਏ, ਕੀ ਇਹੀ ਹੈ ਸਾਡੇ ਸੈਨਿਕਾਂ ਦੀ ਮਹੱਤਤਾ : ਪੰਡਿਤ/ਅਸ਼ੋਕ/ਵਾਲੀਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਵਿਸ਼ੇਸ਼ ਪੁਲਿਸ ਅਧਿਕਾਰੀਆਂ(ਐੱਸਪੀਓ) ਬੌਬੀ ਚੰਦ ਤੇ ਰਸ਼ਪਾਲ ਕੁਮਾਰ ਦੇ ਮ੍ਰਿਤਕ ਸਰੀਰਾਂ ਨੂੰ ਬਿਨਾਂ ਤਾਬੂਤਾਂ ਦੇ ਡੰਪਰ ਵਿੱਚ ਉਨ੍ਹਾਂ ਦੇ ਪਿੰਡਾਂ ਤੱਕ ਪਹੁੰਚਾਉਣ ਦੀ ਘਟਨਾ ’ਤੇ ਸਖ਼ਤ ਗੁੱਸਾ ਪ੍ਰਗਟ ਕਰਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਕਿਹਾ ਕਿ ਸ਼ਹੀਦ ਪੁਲਿਸ ਅਧਿਕਾਰੀਆਂ ਦੀਆਂ ਮ੍ਰਿਤਕ ਸਰੀਰ ਨੂੰ ਡੰਪਰ ਵਿੱਚ ਲਿਆਂਦਾ ਗਿਆ ਤੇ ਉਨ੍ਹਾਂ ਦਾ ਨਿਰਾਦਰ ਕੀਤਾ ਗਿਆ। ਵਿਸ਼ਵ ਹਿੰਦੂ ਪ੍ਰੀਸ਼ਦ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਮਾਰੇ ਗਏ ਦੋ ਵਿਸ਼ੇਸ਼ ਪੁਲਿਸ ਅਧਿਕਾਰੀਆਂ ਦੀਆਂ ਲਾਸ਼ਾਂ ਨਾਲ ਕੀਤੇ ਗਏ ਸਲੂਕ ’ਤੇ ਗੁੱਸੇ ਵਿੱਚ ਹੈ। ਨਰੇਸ਼ ਪੰਡਿਤ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕੀਤੀ ਹੈ। ਨਰੇਸ਼ ਪੰਡਿਤ ਨੇ ਦੋਸ਼ ਲਗਾਇਆ ਹੈ ਕਿ ਸ਼ਹੀਦ ਪੁਲਿਸ ਅਧਿਕਾਰੀਆਂ ਦੇ ਮ੍ਰਿਤਕ ਸਰੀਰਾਂ ਨੂੰ ਡੰਪਰ ਵਿੱਚ ਲਿਆਂਦਾ ਗਿਆ ਤੇ ਨਿਰਾਦਰ ਕੀਤਾ ਗਿਆ। ਲਾਸ਼ਾਂ ਦੀ ਬਰਾਮਦਗੀ ਦੌਰਾਨ ਪ੍ਰਸ਼ਾਸਨ ’ਤੇ ਸਵਾਲ ਉਠਾਉਂਦੇ ਹੋਏ ਨਰੇਸ਼ ਪੰਡਿਤ ਨੇ ਕਿਹਾ ਤੁਸੀਂ ਸਾਡੇ ਜਵਾਨਾਂ ਦੀਆਂ ਲਾਸ਼ਾਂ ਨੂੰ ਡੰਪਰ ਟਰੱਕ ਵਿੱਚ ਲਿਆਂਦੇ। ਕੀ ਇਹ ਸਾਡੇ ਸੈਨਿਕਾਂ ਦੀ ਮਹੱਤਤਾ ਹੈ? ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਪਰਿਵਾਰਾਂ ਦੀਆਂ ਚਿੰਤਾਵਾਂ ਤੇ ਸੀਨੀਅਰ ਅਧਿਕਾਰੀਆਂ ਨੇ ਪਹਿਲਾਂ ਕੋਈ ਜਵਾਬ ਕਿਉਂ ਨਹੀਂ ਦਿੱਤਾ? ਮ੍ਰਿਤਕ ਸੈਨਿਕਾਂ ਨਾਲ ਕੀਤੇ ਗਏ ਸਲੂਕ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਦਿਨ ਬੀਤ ਗਏ ਹਨ। ਜੇਕਰ ਕੋਈ ਅਧਿਕਾਰੀ ਸਾਡੇ ਸੈਨਿਕਾਂ ਦੀਆਂ ਲਾਸ਼ਾਂ ਨਾਲ ਇਸ ਤਰ੍ਹਾਂ ਦਾ ਅਪਮਾਨਜਨਕ ਸਲੂਕ ਹੋਣ ਦਿੰਦਾ ਹੈ, ਤਾਂ ਜ਼ਰਾ ਸੋਚੋ ਕਿ ਅੱਤਵਾਦੀ ਉਨ੍ਹਾਂ ਨਾਲ ਕੀ ਕਰਨਗੇ? ਨਰੇਸ਼ ਪੰਡਿਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਅਧਿਕਾਰੀਆਂ ਤੇ ਹੋਰਾਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਦੋ ਸ਼ਹੀਦ ਸੈਨਿਕਾਂ ਦਾ ਅਪਮਾਨ ਹੈ, ਸਗੋਂ ਪੂਰੇ ਸਿਸਟਮ ਦੇ ਮੂੰਹ ’ਤੇ ਚਪੇੜ ਹੈ ਜੋ ਪਲੇਟਫਾਰਮਾਂ ’ਤੇ ਸੈਨਿਕਾਂ ਦੀ ਬਹਾਦਰੀ ਦੇ ਗੁਣ ਗਾਉਂਦਾ ਹੈ ਤੇ ਜਦੋਂ ਉਨ੍ਹਾਂ ਨੂੰ ਅਸਲ ਸਤਿਕਾਰ ਦੇਣ ਦੀ ਗੱਲ ਆਉਂਦੀ ਹੈ ਤਾਂ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲੈਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਜਾਇਦਾਦ ਨਹੀਂ ਹਨ। ਕਿਸੇ ਵੀ ਪਾਰਟੀ ਕੋਲ ਉਨ੍ਹਾਂ ਦੀ ਸ਼ਹਾਦਤ ਤੇ ਕਾਪੀਰਾਈਟ ਨਹੀਂ ਹੈ। ਸ਼ਹੀਦਾਂ ਦੇ ਨਾਮ ’ਤੇ ਵੋਟਾਂ ਮੰਗਣ ਵਾਲੇ ਸਿਆਸਤਦਾਨਾਂ ਨੂੰ ਪਹਿਲਾਂ ਸ਼ਹੀਦਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਸਨਮਾਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਾਬਤ ਕਰਨੀ ਚਾਹੀਦੀ ਹੈ। ਨਰੇਸ਼ ਪੰਡਿਤ ਨੇ ਅੰਤ ਵਿੱਚ ਕਿਹਾ ਕਿ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣ ਤੋਂ ਪਹਿਲਾਂ, ਰਾਜਨੀਤਿਕ ਪਾਰਟੀਆਂ ਨੂੰ ਆਪਣੇ ਆਚਰਣ ਤੇ ਪ੍ਰਸ਼ਾਸਨਿਕ ਜਵਾਬਦੇਹੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।