ਬੇਬੇ ਨਾਨਕੀ ਕਾਲਜ ਨੇ ਜ਼ੋਨਲ ਯੂਥ ਫੈਸਟੀਵਲ 'ਚ ਮਾਰੀਆਂ ਮੱਲਾਂ ਬੇਬੇ ਨਾਨਕੀ ਕਾਲਜ ਮਿੱਠੜਾ ਨੇ ਜ਼ੋਨਲ ਯੂਥ ਫੈਸਟੀਵਲ 2026 'ਚ ਮਾਰੀਆਂ ਮੱਲਾਂ
Publish Date: Sun, 18 Oct 2026 07:06 PM (IST)
Updated Date: Sun, 18 Oct 2026 07:09 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਨੇ ਇੱਕ ਵਾਰ ਫਿਰ ਆਪਣੀ ਸੱਭਿਆਚਾਰਕ ਸਰਗਰਮੀ ਦਾ ਲੋਹਾ ਮਨਵਾਇਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਏ ਗਏ ਜ਼ੋਨਲ ਯੂਥ ਫੈਸਟੀਵਲ ਦੇ ਬੀ ਜ਼ੋਨ ਮੁਕਾਬਲਿਆਂ ਵਿੱਚ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਦੇ ਸੁਚੱਜੇ ਮਾਰਗ-ਦਰਸ਼ਨ ਤੇ ਕਾਲਜ ਦੇ ਅਧਿਆਪਕ ਸਾਹਿਬਾਨ ਦੀ ਨਿਗਰਾਨੀ ਹੇਠ, ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ ਵਿੱਚ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਕਾਲਜ ਨੇ ਲੁੱਡੀ, ਸਕਿੱਟ, ਮੁਹਾਵਰੇਦਾਰ ਵਾਰਤਾਲਾਪ ਤੇ ਮੌਕੇ ਦੀ ਫੋਟੋਗ੍ਰਾਫੀ ਵਿੱਚ ਪਹਿਲਾ ਸਥਾਨ, ਨਾਟਕ, ਗਿੱਧਾ, ਭੰਗੜਾ, ਮਹਿੰਦੀ, ਪੀੜ੍ਹੀ ਬੁਣਨ, ਪੱਖੀ ਬੁਣਨ ਤੇ ਟੋਕਰੀ ਬੁਣਨ ਵਿੱਚ ਦੂਜਾ ਸਥਾਨ ਤੇ ਪਹਿਰਾਵਾ ਪ੍ਰਦਰਸ਼ਨੀ, ਛਿੱਕੂ ਬੁਣਨ, ਕਲੇਅ ਮਾਡਲਿੰਗ, ਕਲਾਜ ਮੇਕਿੰਗ ਤੇ ਪੰਜਾਬੀ ਭਾਸ਼ਣ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਾਲਜ ਦੀ ਹੋਣਹਾਰ ਵਿਦਿਆਰਥਣ ਮਾਨਵਪ੍ਰੀਤ ਕੌਰ ਨੂੰ ਗਿੱਧਾ ਵਿੱਚ ਬੈਸਟ ਪਰਫਾਰਮਰ ਦੇ ਵਿਸ਼ੇਸ਼ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਸੰਦੇਸ਼ ਵਿੱਚ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਇਹ ਜਿੱਤ ਸਾਡੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਸਿੱਖਣ ਦੀ ਅਦੁੱਤੀ ਲਲਕ, ਜਜ਼ਬੇ ਤੇ ਅਣਥੱਕ ਮਿਹਨਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜ਼ਿਆਦਾਤਰ ਵਿਦਿਆਰਥੀ ਪੇਂਡੂ ਪਿਛੋਕੜ ਤੋਂ ਆਉਂਦੇ ਹਨ, ਜਿਨ੍ਹਾਂ ਕੋਲ ਸਾਧਨ ਭਾਵੇਂ ਸੀਮਿਤ ਹਨ, ਪਰ ਹੌਸਲੇ ਅਸਮਾਨੀ ਹਨ। ਇਨ੍ਹਾਂ ਵਿਦਿਆਰਥੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਹੀ ਮੰਚ ਤੇ ਸਹੀ ਸੇਧ ਮਿਲ ਜਾਵੇ ਤਾਂ ਛੋਟੇ ਜਿਹੇ ਪੇਂਡੂ ਖਿੱਤੇ ਦੀ ਪ੍ਰਤਿਭਾ ਵੀ ਵੱਡੇ ਤੋਂ ਵੱਡੇ ਮੰਚ ’ਤੇ ਆਪਣਾ ਲੋਹਾ ਮਨਵਾ ਸਕਦੀ ਹੈ।