ਚਹੇੜੂ ਵੇਈਂ ਪੁਲ ਲਾਗੇ ਸੜਕ ’ਚ ਲਗਾਏ ਬੈਰੀਕੇਡ ਫਿਰ ਹਟਾਏ ਚਹੇੜੂ ਵੇਈਂ ਪੁਲ ਲਾਗੇ ਸੜਕ ਵਿਚਕਾਰ ਲਗਾਏ ਬੈਰੀਕੇਟ ਫਿਰ ਹਟਾਏ
Publish Date: Thu, 22 Oct 2026 07:29 PM (IST)
Updated Date: Thu, 22 Oct 2026 07:30 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ਸਥਿਤ ਚਹੇੜੂ ਪੁਲ ਨੇੜੇ ਬਣ ਰਹੇ ਨਵੇਂ ਬਰਿੱਜ ਨਜ਼ਦੀਕ ਹਾਦਸਿਆਂ ਨੂੰ ਰੋਕਣ ਲਈ ਲਗਾਏ ਗਏ ਬੈਰੀਕੇਡ ਇੱਕ ਵਾਰ ਫਿਰ ਹਟਾ ਦਿੱਤੇ ਗਏ ਹਨ। ਬੈਰੀਕੇਡ ਹਟਾਏ ਜਾਣ ਕਾਰਨ ਇਸ ਥਾਂ ’ਤੇ ਸੜਕ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਹੋ ਗਏ ਹਨ। ਇਲਾਕੇ ਵਿੱਚ ਲਗਾਤਾਰ ਵਾਪਰ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇੱਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਚਹੇੜੂ ਪੁਲ ਨੇੜੇ ਨੈਸ਼ਨਲ ਹਾਈਵੇ ’ਤੇ ਪਹਿਲਾਂ ਵੀ ਕਈ ਭਿਆਨਕ ਸੜਕ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਤੇ ਵਾਹਨਾਂ ਦੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਵੱਲੋਂ ਆਵਾਜ਼ ਉਠਾਈ ਗਈ ਸੀ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਇਸ ਖ਼ਤਰਨਾਕ ਥਾਂ ’ਤੇ ਢੁੱਕਵੇਂ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ, ਜਿਸ ਬਾਬਤ ਪੰਜਾਬੀ ਜਾਗਰਣ ਵਿੱਚ ਬੀਤੇ ਦਿਨੀਂ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਬੀਤੇ ਦਿਨੀਂ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇੱਥੇ ਬੈਰੀਕੇਡਿੰਗ ਕੀਤੀ ਗਈ ਸੀ, ਜਿਸ ਨਾਲ ਉਮੀਦ ਜਾਗੀ ਸੀ ਕਿ ਹਾਦਸਿਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕਿਆ ਗਿਆ ਹੈ ਪਰ ਹੁਣ ਬੈਰੀਕੇਡ ਮੁੜ ਹਟਾਏ ਜਾਣ ਕਾਰਨ ਸੁਰੱਖਿਆ ਪ੍ਰਬੰਧਾਂ ਦੀ ਸਥਿਤੀ ’ਤੇ ਸਵਾਲ ਉੱਠਣ ਲੱਗੇ ਹਨ। ਆਖ਼ਰ ਕਿਉਂ ਹਟਾਏ ਗਏ ਬੈਰੀਕੇਡ ਸਥਾਨਕ ਲੋਕਾਂ ਤੇ ਰਾਹਗੀਰਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੇਕਰ ਬੈਰੀਕੇਡ ਹਾਦਸਿਆਂ ਨੂੰ ਰੋਕਣ ਲਈ ਲਗਾਏ ਗਏ ਸਨ ਤਾਂ ਉਨ੍ਹਾਂ ਨੂੰ ਮੁੜ ਹਟਾਉਣ ਦਾ ਕਾਰਨ ਕੀ ਹੈ। ਜੇਕਰ ਇੱਥੇ ਬੈਰੀਕੇਡਿੰਗ ਦੀ ਲੋੜ ਮਹਿਸੂਸ ਕੀਤੀ ਗਈ ਸੀ ਤਾਂ ਉਨ੍ਹਾਂ ਨੂੰ ਹਟਾਉਣ ਤੋਂ ਬਾਅਦ ਸੁਰੱਖਿਆ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਜਾਂ ਨਹੀਂ, ਇਹ ਵੀ ਜਾਂਚ ਦਾ ਵਿਸ਼ਾ ਹੈ। ਲੋਕਾਂ ਦੀ ਮੰਗ ਹੈ ਕਿ ਸਬੰਧਤ ਵਿਭਾਗ ਤੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੇ ਚਹੇੜੂ ਪੁਲ ਨੇੜੇ ਹਾਦਸਿਆਂ ਨੂੰ ਰੋਕਣ ਲਈ ਪੱਕੇ ਪ੍ਰਬੰਧ ਕਰਨ, ਤਾਂ ਜੋ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਪਹਿਲਾਂ ਹੀ ਸਥਿਤੀ ਨੂੰ ਸੰਭਾਲਿਆ ਜਾ ਸਕੇ। ਇੱਥੇ ਜ਼ਿਕਰਯੋਗ ਹੈ ਕਿ ਉਕਤ ਜਗ੍ਹਾ ਦੇ ਬਿਲਕੁਲ ਨਜ਼ਦੀਕ ਮਸ਼ਹੂਰ ਈਸਟਵੁੱਡ ਹੋਣ ਕਰਕੇ ਇੱਥੋਂ ਵਾਹਨਾਂ ਦਾ ਵੱਡੀ ਗਿਣਤੀ ਵਿੱਚ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਉੱਪਰੋਂ ਨੈਸ਼ਨਲ ਹਾਈਵੇ ਤੋਂ 24 ਘੰਟੇ ਹੀ ਲਗਾਤਾਰ ਤੇਜ਼ ਰਫਤਾਰ ਵਾਹਨ ਗੁਜਰਦੇ ਹਨ, ਜਿਸ ਕਾਰਨ ਲੋਕ ਜਲਦੀ ਇੱਧਰ-ਉੱਧਰ ਪੁੱਜਣ ਲਈ ਸਮਾਂ ਬਚਾਉਣ ਲਈ ਇਸ ਕਰਾਸਿੰਗ ਕੱਟ ਦੀ ਵਰਤੋਂ ਕਰਦੇ ਹਨ, ਜਿੱਥੇ ਹਾਦਸੇ ਵਾਪਰ ਜਾਂਦੇ ਹਨ, ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਹੀ ਸਮਾਜ ਸੇਵੀ ਖਾਲਸਾ ਵੱਲੋਂ ਇਹ ਆਵਾਜ਼ ਉਠਾਈ ਗਈ ਸੀ। ਇਸ ਕਰਾਸਿੰਗ ਕੱਟ ’ਤੇ ਇਹ ਬੈਰੀਕੇਡਿੰਗ ਸਿਫਾਰਸ਼ੀ ਤੌਰ ’ਤੇ ਹਟੀ ਹੈ ਜਾਂ ਰਾਹਗੀਰਾਂ ਨੇ ਖੁਦ ਹਟਾ ਦਿੱਤੀ, ਇਹ ਚੀਜ਼ ਵੀ ਇੱਕ ਸਵਾਲ ਬਣੀ ਹੋਈ ਹੈ ਪਰ ਅਗਰ ਇੱਥੇ ਹੁਣ ਕੋਈ ਦੁਬਾਰਾ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ, ਖੁਦ ਲੋਕ ਜਾਂ ਫਿਰ ਸਬੰਧਤ ਪ੍ਰਸ਼ਾਸਨ।