ਬਾਰ ਐਸੋਸੀਏਸ਼ਨ ਵੱਲੋਂ ਐੱਲ.ਏ.ਡੀ.ਸੀ. ਨੀਤੀ ਖਿਲਾਫ ਹੜਤਾਲ ਜਾਰੀ ਬਾਰ ਐਸੋਸੀਏਸ਼ਨ ਫਗਵਾੜਾ ਵਲੋਂ ਐਲ.ਏ.ਡੀ.ਸੀ. ਨੀਤੀ ਖਿਲਾਫ ਹੜਤਾਲ ਲਗਾਤਾਰ ਜਾਰੀ
Publish Date: Mon, 20 Jul 2026 07:46 PM (IST)
Updated Date: Tue, 21 Jul 2026 04:07 AM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਮੁਫਤ ਕਾਨੂੰਨੀ ਸਹਾਇਤਾ ਨਾਲ ਸਬੰਧਤ ਲੀਗਲ ਏਡ ਡਿਫੈਂਸ ਕਾਉਂਸਿਲ (ਐਲ.ਏ.ਡੀ.ਸੀ.) ਨੀਤੀ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਫਗਵਾੜਾ ਵੱਲੋਂ 7 ਜੁਲਾਈ ਤੋਂ ਸ਼ੁਰੂ ਕੀਤੀ ਗਈ ਹੜਤਾਲ ਅੱਜ 14ਵੇਂ ਦਿਨ ਵੀ ਜਾਰੀ ਰਹੀ। ਹੜਤਾਲ ਕਾਰਨ ਕੋਰਟ ਕੰਪਲੈਕਸ ਵਿੱਚ ਰੋਜ਼ਾਨਾ ਦਾ ਕੰਮਕਾਜ ਪ੍ਰਭਾਵਿਤ ਰਿਹਾ ਅਤੇ ਵਕੀਲਾਂ ਨੇ ਅਦਾਲਤੀ ਕਾਰਵਾਈ ਤੋਂ ਦੂਰ ਰਹਿ ਕੇ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਬਾਰ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਐਡਵੋਕੇਟ ਰਵਿੰਦਰ ਸ਼ਰਮਾ (ਨੀਟਾ) ਅਤੇ ਮੀਤ ਪ੍ਰਧਾਨ ਐਡਵੋਕੇਟ ਰੋਹਿਤ ਸ਼ਰਮਾ ਨੇ ਕਿਹਾ ਕਿ ਐਲ.ਏ.ਡੀ.ਸੀ. ਨੀਤੀ ਵਕੀਲ ਭਾਈਚਾਰੇ ਦੇ ਹਿੱਤਾਂ ਦੇ ਵਿਰੁੱਧ ਹੈ ਤੇ ਇਸ ਨਾਲ ਰਵਾਇਤੀ ਵਕਾਲਤੀ ਪ੍ਰਣਾਲੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ਦੇ ਸਾਂਝੇ ਫੈਸਲੇ ਅਨੁਸਾਰ ਫਗਵਾੜਾ ਬਾਰ ਵੀ ਪੂਰੀ ਏਕਤਾ ਨਾਲ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨੈਸ਼ਨਲ ਲੀਗਲ ਸਰਵਿਸ ਅਥਾਰਿਟੀ (ਨਾਲਸਾ) ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਜਸਟਿਸ ਵਿਨੋਦ ਭਾਰਦਵਾਜ ਦੀ ਅਗਵਾਈ ਹੇਠ ਬਣਾਈ ਜੱਜਾਂ ਦੀ ਚਾਰ ਮੈਂਬਰੀ ਕਮੇਟੀ ਨੇ ਮੰਗਲਵਾਰ ਸ਼ਾਮ ਤੱਕ ਕੋਈ ਸਕਾਰਾਤਮਕ ਸੰਕੇਤ ਨਹੀਂ ਦਿੱਤਾ ਤਾਂ ਪੰਜਾਬ ਅਤੇ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਹਿਮਤੀ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੌਰਾਨ ਉਪ ਪ੍ਰਧਾਨ ਰੋਹਿਤ ਸ਼ਰਮਾ ਐਡਵੋਕੇਟ ਨੇ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਜਾਰੀ ਹੈ ਪਰ ਹਰ ਵਾਰ ਨੀਤੀ ਵਿੱਚ ਸੋਧ ਕਰਨ ਦਾ ਭਰੋਸਾ ਤੋੜਿਆ ਗਿਆ। ਜਿਸ ਕਰਕੇ ਇੱਕ ਵਾਰ ਫਿਰ ਸਮੂਹ ਵਕੀਲ ਭਾਈਚਾਰ ਸੰਘਰਸ਼ ਦੀ ਰਾਹ ‘ਤੇ ਹੈ। ਸਮੂਹ ਵੀਕਾਲਾਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਇਕਜੁੱਟ ਹਨ ਅਤੇ ਐਲ.ਏ.ਡੀ.ਸੀ. ਨੀਤੀ ਵਿੱਚ ਲੋੜੀਂਦੇ ਸੁਧਾਰ ਨਾ ਹੋਣ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਐਡਵੋਕੇਟ ਸੰਜੀਵ ਅਗਨੀਹੋਤਰੀ, ਐਡਵੋਕੇਟ ਹਰਪ੍ਰੀਤ ਕੌਰ, ਐਡਵੋਕੇਟ ਸੁਖਵਿੰਦਰ ਸਿੰਘ, ਐਡਵੋਕੇਟ ਇੰਦਰਜੀਤ ਸਿੰਘ, ਐਡਵੋਕੇਟ ਸੰਜੀਵ ਦੁਸਾਂਝ, ਐਡਵੋਕੇਟ ਵਿਸ਼ਾਲ ਕੌਲ, ਐਡਵੋਕੇਟ ਰਾਜੀਵ ਸ਼ਰਮਾ, ਐਡਵੋਕੇਟ ਕੁਲਦੀਪ ਕੁਮਾਰ, ਐਡਵੋਕੇਟ ਲਖਵਿੰਦਰ ਸਿੰਘ, ਐਡਵੋਕੇਟ ਰਿੰਪੀ ਗਿਲ, ਐਡਵੋਕੇਟ ਰੀਨਾ ਰਾਣੀ, ਐਡਵੋਕੇਟ ਜਰਨੈਲ ਸਿੰਘ ਢੀਂਡਸਾ, ਐਡਵੋਕੇਟ ਜਤਿੰਦਰ ਠਾਕੁਰ, ਐਡਵੋਕੇਟ ਜੋਗਿੰਦਰ ਸਿੰਘ ਕੈਂਥ, ਐਡਵੋਕੇਟ ਰੇਨੂੰ ਕੁਮਾਰੀ, ਐਡਵੋਕੇਟ ਧਨਦੀਪ ਕੌਰ ਆਦਿ ਹਾਜਰ ਸਨ।