ਐੱਲਏਡੀਸੀ ਦੇ ਵਿਰੋਧ ’ਚ ਬਾਰ ਐਸੋਸੀਏਸ਼ਨ ਵੱਲੋਂ ਭੁੱਖ ਹੜਤਾਲ ਐਲਏਡੀਸੀ ਦੇ ਵਿਰੋਧ ਵਿੱਚ ਬਾਰ ਐਸੋਸੀਏਸ਼ਨ ਵੱਲੋਂ ਭੁੱਖ ਹੜਤਾਲ
Publish Date: Tue, 21 Jul 2026 07:59 PM (IST)
Updated Date: Tue, 21 Jul 2026 08:01 PM (IST)
ਐੱਲਏਡੀਸੀ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ : ਐਡਵੋਕੇਟ ਸੰਧਾ/ਪ੍ਰਭਾਕਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਐੱਲਏਡੀਸੀ (ਲੀਗਲ ਏਡ ਡਿਫੈਂਸ ਕੌਂਸਲ) ਕਾਨੂੰਨ ਖ਼ਿਲਾਫ਼ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੂਰੇ ਸੂਬੇ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਕੋਈ ਸਿੱਟਾ ਨਾ ਨਿਕਲਣ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ, ਸਕੱਤਰ ਐਡਵੋਕੇਟ ਸ਼ੈਲ ਪ੍ਰਭਾਕਰ ਵੱਲੋਂ ਪੰਜਾਬ ਹਰਿਆਣਾ ਅਤੇ ਯੂਟੀ ਚੰਡੀਗੜ੍ਹ ਦੀ ਸੰਯੁਕਤ ਐਕਸ਼ਨ ਕਮੇਟੀ ਵੱਲੋਂ ਐੱਲਏਡੀਸੀ ਨੀਤੀ ਦੇ ਵਿਰੋਧ ਵਿੱਚ ਲਏ ਗਏ ਫੈਸਲਿਆਂ ਨੂੰ ਪੂਰਨ ਤੌਰ ’ਤੇ ਲਾਗੂ ਕਰਨ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਐੱਲਏਡੀਸੀ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਜਾਂ ਵਾਪਸ ਹੋਣ ਤੱਕ ਨੋ ਵਰਕ ਡੇ ਲਗਾਤਾਰ ਜਾਰੀ ਰਹੇਗਾ ਤੇ ਪ੍ਰਦਰਸ਼ਨ ਦੇ ਹਿੱਸੇ ਵਜੋਂ ਲੜੀਵਾਰ ਭੁੱਖ ਹੜਤਾਲ ਦੇ ਨਾਲ ਅਦਾਲਤੀ ਕੰਮਕਾਜ ਦਾ ਮੁਕੰਮਲ ਬਾਈਕਾਟ ਵੀ ਸਖਤੀ ਨਾਲ ਲਾਗੂ ਰਹੇਗਾ। ਸੰਘਰਸ਼ ਨੂੰ ਕਾਨੂੰਨੀ ਅਤੇ ਰਾਸ਼ਟਰੀ ਪੱਧਰ ’ਤੇ ਮਜਬੂਤ ਕਰਨ ਲਈ ਬਾਰ ਐਸੋਸੀਏਸ਼ਨ ਦੇ ਹਰੇਕ ਮੈਂਬਰ ਨੂੰ ਹਦਾਇਤ ਕੀਤੀ ਗਈ ਕਿ ਉਹ ਭਾਰਤ ਦੇ ਚੀਫ ਜਸਟਿਸ ਨੂੰ ਐੱਲਏਡੀਸੀ ਨੀਤੀ ਦੇ ਵਿਰੋਧ ਵਿੱਚ ਆਪਣਾ ਨਿੱਜੀ ਪ੍ਰਤੀਨਿਧ (ਰੀਪ੍ਰੈਜ਼ੈਂਟੇਸ਼ਨ) ਭੇਜਣ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੰਧਾ ਤੇ ਸਕੱਤਰ ਐਡਵੋਕੇਟ ਪ੍ਰਭਾਕਰ ਨੇ ਸਮੂਹ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਅੰਦੋਲਨ ਨੂੰ ਸਫਲ ਬਣਾਉਣ ਅਤੇ ਵਕੀਲਾਂ ਦੀ ਏਕਤਾ ਨੂੰ ਬਣਾਏ ਰੱਖਣ ਲਈ ਇਹਨਾਂ ਮਤਿਆਂ ਨੂੰ ਪੂਰੀ ਭਾਵਨਾ ਅਤੇ ਸਖਤੀ ਨਾਲ ਲਾਗੂ ਕੀਤਾ ਜਾਵੇ। ਐਡਵੋਕੇਟ ਸੰਧਾ ਨੇ ਕਿਹਾ ਕਿ ਜੇ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਸੂਬੇ ਵਿੱਚ ਕ੍ਰਾਈਮ ਦਾ ਗਰਾਫ ਹੋਰ ਵੱਧ ਜਾਵੇਗਾ। ਕਿਸੇ ਵੀ ਅਪਰਾਧੀ ਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਡਰ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਕਾਨੂੰਨੀ ਸਹਾਇਤਾ ਪ੍ਰਣਾਲੀ ਦੀ ਨਿੱਜੀ ਲਾਭ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਕਾਨੂੰਨੀ ਸਹਾਇਤਾ ਰੱਖਿਆ, ਵਕੀਲਾਂ ਨੂੰ ਸਰਕਾਰੀ ਵਕੀਲਾਂ ਵਾਂਗ ਸਹਾਇਤਾ ਦੇਣ ਦੇ ਬਾਵਜੂਦ ਵੱਖਰਾ ਮਿਹਨਤਾਨਾ ਵੀ ਪ੍ਰਾਪਤ ਕਰਦੇ ਹਨ। ਅੰਦੋਲਨ ਦੇ ਪਹਿਲੇ ਪੜਾਅ ’ਚ ਭੁੱਖ ਹੜਤਾਲ ’ਤੇ ਬੈਠਣ ਵਾਲੇ ਵਕੀਲਾਂ ਵਿੱਚ ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ, ਐਡਵੋਕੇਟ ਸ਼ੈਲ ਪ੍ਰਭਾਕਰ ਸਕੱਤਰ, ਐਡਵੋਕੇਟ ਸਤਬੀਰ ਸਿੰਘ ਮਹੀਵਾਲ ਸ਼ਾਮਲ ਸਨ। ਉਪਰੰਤ ਸਮੂਹ ਵਕੀਲਾਂ ਨੇ ਨਾਅਰੇਬਾਜ਼ੀ ਕਰਦਿਆਂ ਰੋਸ ਵੀ ਜ਼ਾਹਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਐਡਵੋਕੇਟ ਕੇਹਰ ਸਿੰਘ, ਐਡ. ਭੁਪਿੰਦਰ ਸਿੰਘ, ਐਡ. ਰਾਜਵਿੰਦਰ ਕੌਰ ਸੰਧਾ, ਐਡ. ਤਾਰਾ ਚੰਦ ਉੱਪਲ, ਐਡ. ਸੁੱਚਾ ਸਿੰਘ ਮੋਮੀ, ਐਡ. ਸਤਨਾਮ ਸਿੰਘ ਮੋਮੀ, ਐਡ. ਵਿਕਾਸਦੀਪ ਨੰਡਾ, ਐਡ. ਗੁਰਮੀਤ ਸਿੰਘ ਵਿਰਦੀ, ਐਡ. ਇੰਦਰਜੀਤ ਸਿੰਘ ਥਿੰਦ, ਐਡ. ਰਮਨਦੀਪ ਕੌਰ, ਐਡ. ਤਰੁਨ ਕੰਬੋਜ, ਐਡ. ਗੁਰਮੀਤ ਸਿੰਘ ਢਿੱਲੋਂ, ਐਡ. ਜਗਦੀਸ਼ ਸਿੰਘ ਸੋਢੀ, ਐਡ. ਬਲਵਿੰਦਰ ਸਿੰਘ ਮੋਮੀ, ਰੂਬੀ ਸ਼ਰਮਾ, ਹਰਪ੍ਰੀਤ ਸਿੰਘ ਸਹੋਤਾ ਆਦਿ ਵੀ ਹਾਜ਼ਰ ਸਨ।