- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਵਿੰਦਰ ਸਿੰਘ ਧਾਲੀਵਾਲ ਨੇ ਜਿਲ੍ਹਾ ਕਪੂਰਥਲਾ ਕਮੇਟੀ ਤੇ ਯੂਥ ਵਿੰਗ ਦੀਆਂ ਕੀਤੀਆਂ ਹੋਰ ਨਿਯੁਕਤੀਆਂ

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ (ਰਿਟਾ. ਆਈਏਐੱਸ) ਨੇ ਜ਼ਿਲ੍ਹਾ ਪੱਧਰ ’ਤੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹੇ ਅਤੇ ਯੂਥ ਵਿੰਗ ਵਿੱਚ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਨਿਯੁਕਤੀਆਂ ਸਬੰਧੀ ਉਨ੍ਹਾਂ ਨੇ ਆਪਣੇ ਨਿਵਾਸ ਸਥਾਨ ’ਤੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਅਤੇ ਗਾਰੰਟੀਆਂ ਖੋਖਲੀਆਂ ਸਾਬਤ ਹੋਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਹਰ ਖੇਤਰ ਵਿੱਚ ਅਸਫਲ ਰਹੀ ਹੈ ਅਤੇ ਲੋਕ ਆਪਣੇ ਹੱਕਾਂ ਲਈ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਧਾਲੀਵਾਲ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਗੱਲਬਾਤ ਰਾਹੀਂ ਇਨਸਾਫ਼ ਦੇਣ ਦੀ ਬਜਾਏ ਸਰਕਾਰ ਪੁਲਿਸ ਦੀਆਂ ਲਾਠੀਆਂ ਦੇ ਜ਼ੋਰ ਨਾਲ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੇ ਦੁੱਖ-ਦਰਦ ਵਿੱਚ ਸ਼ਾਮਲ ਹੋਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਵਿੱਚ ਕਾਂਗਰਸ ਮੁੜ ਸੱਤਾ ਵਿੱਚ ਆਵੇਗੀ, ਕਿਉਂਕਿ ਲੋਕ ਮੌਜੂਦਾ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਛੱਡ ਕੇ ਹਰ ਕੋਈ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪੇਪਰ ਲੀਕ ਹੋਣ ਦੀ ਸੱਚਾਈ ਨਾਲ ਵਾਕਫ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਫੇਦ ਝੂਠ ਬੋਲਣ ਦੀ ਬਜਾਏ ਸਿੱਖਿਆ ਮੰਤਰੀ ਤੋਂ ਅਸਤੀਫ ਲੈ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਨਰੇਸ਼ ਭਾਰਦਵਾਜ਼ ਬਲਾਕ ਪ੍ਰਧਾਨ ਫਗਵਾੜਾ ਸ਼ਹਿਰੀ, ਵਿੱਕੀ ਵਾਲੀਆ ਬਲਾਕ ਪ੍ਰਧਾਨ ਦਿਹਾਤੀ, ਕੌਂਸਲਰ ਸੰਜੀਵ ਬੁੱਗਾ, ਗੁਰਜੀਤ ਪਾਲ ਵਾਲੀਆ ਡੈਲੀਗੇਟ ਮੈਂਬਰ ਪੰਜਾਬ, ਜਸਵੰਤ ਸਿੰਘ ਨੀਟਾ, ਹਰਜੀਤ ਸਿੰਘ ਲਾਡੀ, ਅਗਮ ਪ੍ਰਸ਼ਰ ਜ਼ਿਲ੍ਹਾ ਯੂਥ ਪ੍ਰਧਾਨ, ਕਿਸ਼ੋਰ ਚਹਿਲ, ਸੀਨੀਅਰ ਆਗੂ ਵਿਨੋਦ ਵਰਮਾਨੀ ਅਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।