11ਵਾਂ ਜੇਪੀਜੀਏ ਕਿਸਾਨ ਮੇਲਾ 4,5 ਨੂੰ ਨਕੋਦਰ ’ਚ : ਨਿੱਝਰ 11ਵਾਂ ਜੇ.ਪੀ.ਜੀ.ਏ ਕਿਸਾਨ ਮੇਲਾ 4,5 ਸਤੰਬਰ ਨੂੰ ਨਕੋਦਰ ਵਿੱਚ ਲੱਗੇਗਾ-ਨਿੱਝਰ
Publish Date: Thu, 27 Aug 2026 08:48 PM (IST)
Updated Date: Thu, 27 Aug 2026 08:49 PM (IST)
ਨੌਜਵਾਨਾਂ ਲਈ ਲਗਾਇਆ ਜਾ ਰਿਹਾ ਰੋਜ]ਗਾਰ ਕੈਂਪ ਰਹੇਗਾ ਖਿੱਚ ਦਾ ਕੇਂਦਰ : ਖਹਿਰਾ ਮੂੰਗਫਲੀ, ਕਸਾਵਾ, ਡੇਅਰੀ, ਜੰਗਲ ਲਗਾਉਣ ਸਬੰਧੀ ਹੋਣਗੇ ਸੈਮੀਨਾਰ : ਢਿੱਲੋਂ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਵੱਲੋਂ 11ਵਾਂ ਜੇਪੀਜੀਏ ਕਿਸਾਨ ਮੇਲਾ 4,5 ਸਤੰਬਰ ਨੂੰ ਨਕੋਦਰ ਦੀ ਨਵੀਂ ਦਾਣਾ ਮੰਡੀ ਵਿੱਚ ਲਗਾਇਆ ਜਾਵੇਗਾ। ਨਕੋਦਰ ਦਾਣਾ ਮੰਡੀ ਵਿੱਚ ਮੇਲੇ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਸਾਨ ਮੇਲਾ ਕਮੇਟੀ ਦੀ ਅੱਜ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਜਾਣਕਾਰੀ ਦਿੱਤੀ ਕਿ ਮੇਲੇ ਸਬੰਧੀ ਮੁਢਲੇ ਕਾਰਜ ਸਾਰੇ ਸਫਲਤਾਪੂਰਵਕ ਪੂਰੇ ਹੋ ਚੁੱਕੇ ਹਨ। ਸਟਾਲਾਂ ਦੀ ਬੁਕਿੰਗ, ਸੈਮੀਨਾਰ ਸਬੰਧੀ ਮਾਹਰਾਂ ਨੂੰ ਸੱਦਾ ਪੱਤਰ, ਲੰਗਰ, ਪਾਰਕਿੰਗ, ਸੈਮੀਨਾਰ, ਟੈਂਟ, ਮੀਡੀਆ ਸਮੇਤ ਸਾਰੀਆਂ ਜ਼ਿੰਮੇਵਾਰ ਕਮੇਟੀਆਂ ਆਪਣੇ ਮੁਢਲੇ ਕਾਰਜ ਮੁਕੰਮਲ ਕਰ ਚੁੱਕੀਆਂ ਹਨ। ਉਨ੍ਹਾਂ ਸਾਰੇ ਕਮੇਟੀ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਆਪਣੇ ਆਪਣੇ ਇਲਾਕੇ ਵਿੱਚ ਨੌਜਵਾਨ ਕਿਸਾਨਾਂ ਨੂੰ ਵੀ ਸੱਦਾ ਪੱਤਰ ਭੇਜੇ ਜਾਣ ਤਾਂ ਕਿ ਉਹ ਵੀ ਅਯੋਕੇ ਯੁੱਗ ਦੀ ਖੇਤੀ ਸਬੰਧੀ ਜਾਣਕਾਰੀ ਲੈ ਕੇ ਸਮੇਂ ਦੇ ਹਾਣੀ ਬਣ ਸਕਣ। ਇਸ ਮੌਕੇ ਵਾਈਸ ਪ੍ਰਧਾਨ ਪ੍ਰਿਤਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਵਾਤਾਵਰਣ ਤਬਦੀਲੀ ਕਾਰਨ ਕਿਸਾਨਾਂ ਨੂੰ ਰਵਾਇਤੀ ਫਸਲਾਂ ਵਿੱਚੋਂ ਘੱਟ ਰਹੇ ਮੁਨਾਫੇ ਨੂੰ ਦੇਖਦਿਆ ਬਦਲਵੀਆਂ ਫਸਲਾਂ ਜਿਵੇਂ ਮੂੰਗਫਲੀ, ਕਸਾਵਾ, ਜੰਗਲ ਲਗਾਉਣ ਸਮੇਤ ਹੋਰ ਬਦਲਵੀਆਂ ਫਸਲਾਂ ਉਪਰ ਕੀਤੇ ਗਏ ਟਰਾਇਲਾਂ ਬਾਰੇ ਮਾਹਰ ਕਿਸਾਨ, ਡਾਕਟਰ ਤੇ ਵਪਾਰੀ ਸੈਮੀਨਾਰ ਰਾਹੀਂ ਦੋਵੇਂ ਦਿਨ ਕਿਸਾਨਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਕਮੇਟੀ ਦਾ ਹਮੇਸ਼ਾ ਮਕਸਦ ਰਿਹਾ ਹੈ ਕਿ ਕਿਸਾਨਾਂ ਨੂੰ ਇੱਕ ਜਗ੍ਹਾ ਦੁਨੀਆਂ ਭਰ ਦੀ ਆਧੁਨਿਕ ਮਸ਼ੀਨਰੀ, ਨਵੇਂ ਬੀਜ, ਸਹਾਇਕ ਧੰਦੇ ਅਤੇ ਬਦਲਵੀਂ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦਾ ਖਰਚ ਘਟੇ ਤੇ ਮੁਨਾਫਾ ਵਧੇ। ਇਸ ਮੌਕੇ ਅਸ਼ਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਵਾਰ ਜੇਪੀਜੀਏ ਕਿਸਾਨ ਮੇਲਾ ਕਮੇਟੀ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਕੈਂਪ ਵੀ ਲਗਾਏਗੀ, ਜਿਸ ਵਿੱਚ ਕਿਸਾਨਾਂ, ਆੜਤੀਆਂ ਤੇ ਕਾਰੋਬਾਰੀਆਂ ਨੂੰ ਵੱਡੇ ਪੱਧਰ ਉਪਰ ਲੋੜੀਂਦੇ ਮੈਨੇਜਰ, ਫੋਰਮੈਨ, ਡਰਾਈਵਰ, ਸਕਿਊਰਟੀ ਗਾਰਡ ਆਦਿ ਵਰਗੇ ਅਨੇਕਾਂ ਕਾਰਜਾਂ ਲਈ ਨੌਜਵਾਨਾਂ ਦੀ ਲੋੜ ਹੁੰਦੀ ਹੈ। ਮੇਲੇ ਵਿੱਚ ਨੌਜਵਾਨ ਵੱਧ ਤੋਂ ਵੱਧ ਪਹੁੰਚ ਕੇ ਰੋਜ਼ਗਾਰ ਫਾਰਮ ਜ਼ਰੂਰ ਭਰਨ ਤਾਂ ਜੋ ਉਨ੍ਹਾਂ ਨੂੰ ਯੋਗਤਾ ਅਨੁਸਾਰ ਨੌਕਰੀ ਮਿਲ ਸਕੇ। ਇਸ ਮੌਕੇ ਕਮੇਟੀ ਮੈਂਬਰ ਤੇਗਾ ਸਿੰਘ, ਸਤਨਾਮ ਸਿੰਘ ਥਿੰਦ, ਸੁਖਵੀਰ ਸਿੰਘ ਥਿੰਦ, ਹਰਦੀਪ ਸਿੰਘ ਮਾਨ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ, ਬਲਰਾਜ ਸਿੰਘ, ਡਾ. ਗੁਬਿੰਦਰ ਸਿੰਘ, ਹਰਮਿੰਦਰ ਸਿੰਘ, ਸੁਖਵੀਰ ਸਿੰਘ, ਅਜੇਪਾਲ ਸਿੰਘ ਢਿੰਲੋਂ, ਅਜੇਪਾਲ ਸਿੰਘ ਤੂਰ, ਲਖਵਿੰਦਰ ਸਿੰਘ ਲੱਖਾ,ਮਨਿੰਦਰ ਸਿੰਘ ਬਿਲਖੂ, ਮਨਦੀਪ ਸਿੰਘ, ਪਵਨਦੀਪ ਸਿੰਘ, ਜਰਮਨ ਸਿੰਘ ਕੁਲਾਰ, ਸਤਨਾਮ ਸਿਮਘ ਜੱਲੋਵਾਲ, ਵਰਿੰਦਰ ਸਿਮਘ ਰਾਜਾ, ਸੂਬਾ ਸਿੰਘ ਚੱਕ ਚੇਲਾ, ਮਨਜੀਤ ਸਿੰਘ ਸਰੋਆ ਆਦਿ ਹਾਜ਼ਰ ਸਨ।