ਬਲਰਾਜ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਮੈਰਾਥਨ ’ਚ ਅੱਵਲ ਰਿਹਾ
ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਆਰਥੀ ਬਲਰਾਜ ਦਾ ਜਿਲ੍ਹਾ ਪੱਧਰੀ ਰੈੱਡ ਰਿਬਨ ਮੈਰਾਥਨ ਵਿੱਚ ਪਹਿਲਾ ਸਥਾਨ
Publish Date: Thu, 27 Aug 2026 07:49 PM (IST)
Updated Date: Thu, 27 Aug 2026 07:52 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਬੀਕਾਮ ਤੀਜੇ ਸਾਲ ਦੇ ਵਿਦਿਆਰਥੀ ਬਲਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਮੈਰਾਥਨ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਹ ਮੁਕਾਬਲੇ ਡਾਇਰੈਕਟਰ ਯੂਥ ਸਰਵਿਸਿਜ਼ ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ ਕਰਵਾਏ ਗਏ। ਇਸ ਸ਼ਾਨਦਾਰ ਪ੍ਰਾਪਤੀ ਲਈ ਬਲਰਾਜ ਨੂੰ 4,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਰੈੱਡ ਰਿਬਨ ਕਲੱਬ ਕੋਆਰਡੀਨੇਟਰ ਡਾ. ਪਰਮਜੀਤ ਕੌਰ ਨੇ ਬਲਰਾਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਤੇ ਸਿਹਤਮੰਦ ਗਤੀਵਿਧੀਆਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਸਟੇਟ ਪੱਧਰ ’ਤੇ ਵੀ ਬਲਰਾਜ ਤੋਂ ਅਜਿਹੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ। ਸੰਦੀਪ ਸਿੰਘ ਲੈਕਚਰਾਰ ਰਾਜਨੀਤੀ ਸ਼ਾਸਤਰ ਨੇ ਕਿਹਾ ਕਿ ਬਲਰਾਜ ਨੇ ਆਪਣੀ ਮਿਹਨਤ, ਅਨੁਸ਼ਾਸਨ ਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਬਲਰਾਜ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਸੰਸਥਾ ਲਈ ਮਾਣ ਵਾਲੀ ਗੱਲ ਹਨ। ਉਨ੍ਹਾਂ ਬਲਰਾਜ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।