ਬਾਬਾ ਸਾਹਿਬ ਡਾ. ਅੰਬੇਡਕਰ ਦੇ ਸਟੈਚੂ ਨਾਲ ਵਾਰ-ਵਾਰ ਹੋ ਰਹੀ ਛੇੜ-ਛਾੜ ਨਿੰਦਣਯੋਗ
ਬਾਬਾ ਸਾਹਿਬ ਡਾ. ਅੰਬੇਡਕਰ ਦੇ ਸਟੈਚੂ ਨਾਲ ਵਾਰ-ਵਾਰ ਹੋ ਰਹੀ ਛੇੜ-ਛਾੜ ਨਿੰਦਣਯੋਗ - ਲੱਕੀ ਸਰਵਟਾ
Publish Date: Thu, 02 Apr 2026 09:04 PM (IST)
Updated Date: Thu, 02 Apr 2026 09:07 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਬੀਤੇ ਮੰਗਲਵਾਰ ਸ਼ਰਾਰਤੀ ਅਨਸਰਾਂ ਵੱਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਸਟੈਚੂ ਦੀ ਕੀਤੀ ਭੰਨਤੋੜ ਨੂੰ ਨਿੰਦਣਯੋਗ ਦੱਸਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿਚ ਲੱਕੀ ਸਰਵਟਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ‘ਚ ਵਾਰ-ਵਾਰ ਅਜਿਹੀਆਂ ਨਿੰਦਣਯੋਗ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਨਾਲ ਐੱਸਸੀ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਵੱਜ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਵਰਗੀਆਂ ਸ਼ਖਸੀਅਤਾਂ ਦਾ ਨਿਰਾਦਰ ਕਰਨ ਵਾਲੇ ਅਨਸਰਾਂ ਨੂੰ ਸਖਤੀ ਨਾਲ ਨੱਥ ਪਾਈ ਜਾਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਦਾ ਭਾਰਤੀ ਸੰਵਿਧਾਨ ਵਿਚ ਕੋਈ ਵਿਸ਼ਵਾਸ ਨਹੀਂ ਹੈ ਬਲਕਿ ਐੱਸਸੀ ਸਮਾਜ ਨੂੰ ਉਕਸਾ ਕੇ ਸ਼ਾਂਤੀ ਭੰਗ ਕਰਨਾ ਇਨ੍ਹਾਂ ਦਾ ਮਕਸਦ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਸਖ਼ਤ ਬਣਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਵਿਦੇਸ਼ੀ ਤਾਕਤਾਂ ਦੀ ਕਠਪੁਤਲੀ ਬਣੇ ਸਮਾਜ ਵਿਰੋਧੀ ਅਨਸਰਾਂ ਨੂੰ ਵੀ ਤਾੜਨਾ ਕੀਤੀ ਕਿ ਬਾਬਾ ਸਾਹਿਬ ਦਾ ਨਿਰਾਦਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਅਜਿਹੀਆਂ ਵਾਰਦਾਤਾਂ ਤੋਂ ਗੁਰੇਜ਼ ਕਰਨ, ਨਹੀਂ ਤਾਂ ਐੱਸਸੀ ਸਮਾਜ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਮਜਬੂਰ ਹੋਵੇਗਾ।