ਨੁੱਕੜ ਨਾਟਕ ਰਾਹੀਂ ਸਫ਼ਾਈ ਪ੍ਰਤੀ ਕੀਤਾ ਜਾਗਰੂਕ ਮਿਸ਼ਨ ਕਲੀਨ ਪੰਜਾਬ ਤਹਿਤ ਫਗਵਾੜਾ ਵਿਖੇ ਨੁੱਕੜ ਨਾਟਕ ਰਾਹੀਂ ਸਫ਼ਾਈ ਪ੍ਰਤੀ ਕੀਤਾ ਜਾਗਰੂਕ
Publish Date: Tue, 08 Sep 2026 08:19 PM (IST)
Updated Date: Tue, 08 Sep 2026 08:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਿਸ਼ਨ ਕਲੀਨ ਪੰਜਾਬ ਮੁਹਿੰਮ ਤਹਿਤ ਨਗਰ ਨਿਗਮ ਫਗਵਾੜਾ ਵੱਲੋਂ ਅੱਜ ਚੌਪਾਟੀ, ਗੁਰੂ ਹਰਗੋਬਿੰਦ ਨਗਰ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਸਾਫ ਸਫ਼ਾਈ ਦੀ ਮਹੱਤਤਾ ਤੇ ਸਵੱਛਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨਾ ਸੀ। ਨੁੱਕੜ ਨਾਟਕ ਰਾਹੀਂ ਜਨਤਕ ਥਾਵਾਂ ਨੂੰ ਸਾਫ਼ ਰੱਖਣ, ਇੱਧਰ-ਉੱਧਰ ਕੂੜਾ ਨਾ ਸੁੱਟਣ ਤੇ ਕੂੜੇ ਦਾ ਢੁੱਕਵਾਂ ਨਿਪਟਾਰਾ ਯਕੀਨੀ ਬਣਾਉਣ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਦਿੱਤਾ ਗਿਆ। ਨੁੱਕੜ ਨਾਟਕ ਦੀ ਟੀਮ ਨੇ ਆਪਣੀ ਪੇਸ਼ਕਾਰੀ ਰਾਹੀਂ ਇਹ ਵੀ ਸੁਨੇਹਾ ਦਿੱਤਾ ਕਿ ਲੋਕਾਂ ਦੀ ਸਮੂਹਿਕ ਭਾਗੀਦਾਰੀ ਤੇ ਜ਼ਿੰਮੇਵਾਰ ਨਾਗਰਿਕ ਵਿਵਹਾਰ ਨਾਲ ਸ਼ਹਿਰ ਨੂੰ ਹੋਰ ਸਾਫ਼-ਸੁਥਰਾ, ਸਿਹਤਮੰਦ ਤੇ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਮੇਅਰ ਰਾਮਪਾਲ ਉੱਪਲ ਤੇ ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਨੇ ਨੁੱਕੜ ਨਾਟਕ ਦੇਖਿਆ ਤੇ ਲੋਕਾਂ ਵਿੱਚ ਸਫ਼ਾਈ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਨਗਰ ਨਿਗਮ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਾਸੀਆਂ ਨੂੰ ਸਫ਼ਾਈ ਮੁਹਿੰਮ ਵਿੱਚ ਸਰਗਰਮੀ ਨਾਲ ਭਾਗ ਲੈਣ ਤੇ ਸਫ਼ਾਈ ਨੂੰ ਸਾਂਝੀ ਜ਼ਿੰਮੇਵਾਰੀ ਵਜੋਂ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਸ਼ਹਿਰ ਨਾ ਸਿਰਫ਼ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਂਦਾ ਹੈ, ਸਗੋਂ ਸਾਰਿਆਂ ਲਈ ਇੱਕ ਸਿਹਤਮੰਦ ਤੇ ਸੁਖਾਵੇਂ ਵਾਤਾਵਰਣ ਦੀ ਸਿਰਜਣਾ ਵੀ ਕਰਦਾ ਹੈ। ਐੱਮਪੀ ਡਾ. ਚੱਬੇਵਾਲ ਨੇ ਲੋਕਾਂ ਨੂੰ ਨਗਰ ਨਿਗਮ ਨਾਲ ਸਹਿਯੋਗ ਕਰਦਿਆਂ ਗਲੀਆਂ, ਬਾਜ਼ਾਰਾਂ ਤੇ ਜਨਤਕ ਥਾਵਾਂ ਨੂੰ ਸਾਫ਼-ਸੁਥਰਾ ਰੱਖਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਡਾ. ਚੱਬੇਵਾਲ ਨੇ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਤਹਿਤ ਲੋਕਾਂ ਨੂੰ ਸਫ਼ਾਈ ਨੂੰ ਜੀਵਨ-ਜਾਚ ਦਾ ਹਿੱਸਾ ਬਣਾਉਣ ਤੇ ਸਾਫ਼-ਸੁਥਰੇ ਤੇ ਹਰਿਆ-ਭਰਿਆ ਫਗਵਾੜਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।