ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ’ਚ ਜਾਗਰੂਕਤਾ ਸਮਾਗਮ ਕਰਵਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ’ਚ ਜਾਗਰੂਕਤਾ ਸਮਾਗਮ ਕਰਵਾਇਆ
Publish Date: Fri, 23 Oct 2026 07:00 PM (IST)
Updated Date: Fri, 23 Oct 2026 07:01 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਸਕੂਲ ਪ੍ਰਸ਼ਾਸਕ ਇੰਜੀ. ਨਿਮਰਤਾ ਕੌਰ ਦੀ ਅਗਵਾਈ ਵਿਚ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਸਫ਼ਾਈ ਤੇ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸਾਫ਼-ਸਫ਼ਾਈ ਦੀ ਮਹੱਤਤਾ, ਨਿੱਜੀ ਸਫ਼ਾਈ, ਆਲੇ-ਦੁਆਲੇ ਨੂੰ ਸਾਫ਼ ਰੱਖਣ ਤੇ ਕੂੜੇ ਦੇ ਸਹੀ ਨਿਪਟਾਰੇ ਬਾਰੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਵੀ ਕੱਢੀ ਗਈ। ਵਿਦਿਆਰਥੀਆਂ ਨੇ ਲੋਕਾਂ ਨੂੰ ਸਫ਼ਾਈ ਅਪਣਾਉਣ, ਜਨਤਕ ਥਾਵਾਂ ਨੂੰ ਸਾਫ਼ ਰੱਖਣ ਤੇ ਸਵੱਛ ਵਾਤਾਵਰਨ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਰੈਲੀ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਸਫ਼ਾਈ ਸਿਰਫ਼ ਸਰਕਾਰ ਜਾਂ ਕਿਸੇ ਇੱਕ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਦਾ ਸਾਂਝਾ ਫ਼ਰਜ਼ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੇ ਸਕੂਲ ਡਾਇਰੈਕਟਰ ਇੰਜੀ. ਹਰਨਿਆਮਤ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ, ਅਨੁਸ਼ਾਸਨ ਤੇ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਦੀਆਂ ਹਨ।