ਰਮੀਦੀ ’ਚ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਰਮੀਦੀ ਸਹਿਕਾਰੀ ਖੇਤੀਬਾੜੀ ਸਭਾ ਵਿਖੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਆਯੋਜਿਤ
Publish Date: Thu, 01 Oct 2026 10:05 PM (IST)
Updated Date: Thu, 01 Oct 2026 10:06 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਰਮੀਦੀ ਸਹਿਕਾਰੀ ਖੇਤੀਬਾੜੀ ਸਭਾ ਵਿਖੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਡਾ. ਜਗਜੀਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਜਗਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਵਾਤਾਵਰਣ, ਹਵਾ ਦੀ ਗੁਣਵੱਤਾ, ਮਿੱਟੀ ਦੀ ਉਪਜਾਊ ਸ਼ਕਤੀ ਤੇ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੇ ਸੁਚੱਜੇ ਪ੍ਰਬੰਧਨ ਲਈ ਸਹਿਕਾਰੀ ਸਭਾਵਾਂ ਵਿੱਚ ਉਪਲਬਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤੇ ਪਰਾਲੀ ਦਾ ਇਨ-ਸੀਟੂ ਪ੍ਰਬੰਧਨ ਕਰਕੇ ਵਾਤਾਵਰਣ ਤੇ ਮਿੱਟੀ ਦੀ ਸਿਹਤ ਦੀ ਸੰਭਾਲ ਕੀਤੀ ਜਾਵੇ। ਇਸ ਮੌਕੇ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਪਰਾਲੀ ਨਾ ਸਾੜਨ ਤੇ ਪਰਾਲੀ ਦਾ ਇਨ-ਸੀਟੂ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਕਿਸਾਨਾਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਤੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਏਆਰ ਕਪੂਰਥਲਾ ਗੁਰਯਾਦਵਿੰਦਰ ਸਿੰਘ, ਸਰਕਲ ਇੰਸਪੈਕਟਰ ਇੰਦਰਬੀਰ ਸਿੰਘ, ਅਤਿੰਦਰਪਾਲ ਸਿੰਘ ਤੋਂ ਇਲਾਵਾ ਮਾਰਕਫੈੱਡ, ਇਫਕੋ ਤੇ ਹੋਰ ਵਿਭਾਗਾਂ ਦੇ ਅਧਿਕਾਰੀ/ਨੁਮਾਇੰਦੇ ਤੇ ਪਤਵੰਤੇ ਹਾਜ਼ਰ ਸਨ। ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ, ਮਸ਼ੀਨਰੀ ਦੀ ਵਰਤੋਂ ਤੇ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ।