- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
79ਵੇਂ ਸੰਤ ਸਮਾਗਮ ਦੀਆਂ ਸੇਵਾਵਾਂ ਦਾ ਸ਼ੁਭ ਆਰੰਭ ਸੇਵਾ ਬਣੀ ਸਮਰਪਣ ਦੀ ਸਾਧਨਾ

--ਹਰ ਹਿਰਦੇ ਤੋਂ ਹੋਵੇ ਸੇਵਾ ਤੇ ਮਾਨਵਤਾ ਦਾ ਸ਼ੁਭ ਆਰੰਭ : ਨਿਰੰਕਾਰੀ ਰਾਜਪਿਤਾ ਰਮਿਤ ਜੀ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਵਿਭਿੰਨਤਾਵਾਂ ਨਾਲ ਸਜੇ ਇਸ ਸੰਸਾਰ ਵਿੱਚ ਸਾਡੇ ਰੂਪ, ਭਾਸ਼ਾਵਾਂ ਤੇ ਜੀਵਨ-ਸ਼ੈਲੀਆਂ ਭਾਵੇਂ ਵੱਖਰੀਆਂ ਹੋਣ, ਪਰ ਇਨ੍ਹਾਂ ਬਾਹਰੀ ਭਿੰਨਤਾਵਾਂ ਦੇ ਪਿੱਛੇ ਵਸਣ ਵਾਲੀ ਚੇਤਨਾ ਇੱਕੋ ਹੀ ਹੈ। ਅਸੀਂ ਸਾਰੇ ਇਸੇ ਪਰਮਾਤਮਾ ਦੀ ਸੰਤਾਨ ਹਾਂ, ਜਿਨ੍ਹਾਂ ਨੂੰ ਸਤਿਗੁਰੂ ਨੇ ਪ੍ਰੇਮ ਦੇ ਅਦ੍ਰਿਸ਼ ਧਾਗੇ ਵਿੱਚ ਬੰਨ੍ਹ ਕੇ ਮਾਨਵਤਾ ਨੂੰ ਏਕਤਾ ਦਾ ਸੰਦੇਸ਼ ਦਿੱਤਾ ਹੈ। ਸੰਤ ਨਿਰੰਕਾਰੀ ਮਿਸ਼ਨ ਇਸੇ ਭਾਵਨਾ ਨੂੰ ‘ਵਸੁਧੈਵ ਕੁਟੁੰਬਕਮ’-‘ਸਮੁੱਚਾ ਸੰਸਾਰ ਇੱਕ ਪਰਿਵਾਰ’ ਦੇ ਰੂਪ ਵਿੱਚ ਜੀਵੰਤ ਕਰ ਰਿਹਾ ਹੈ, ਜਿੱਥੇ ਪ੍ਰੇਮ ਕੇਵਲ ਵਿਚਾਰ ਨਹੀਂ, ਸਗੋਂ ਜੀਵਨ ਜਿਊਣ ਦੀ ਸ਼ੈਲੀ ਨੂੰ ਦਰਸਾਉਂਦਾ ਹੈ।
ਸੰਤ ਨਿਰੰਕਾਰੀ ਮੰਡਲ ਜ਼ੋਨ ਕਪੂਰਥਲਾ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਆਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ 23 ਤੋਂ 26 ਅਕਤੂਬਰ 2026 ਤੱਕ ਸੰਤ ਨਿਰੰਕਾਰੀ ਆਧਿਆਤਮਿਕ ਸਥੱਲ, ਸਮਾਲਖਾ, ਹਰਿਆਣਾ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਆਤਮਿਕ ਚੇਤਨਾ ਤੇ ਮਾਨਵ-ਏਕਤਾ ਦੇ ਸੰਦੇਸ਼ ਨੂੰ ਹਿਰਦੇ ਵਿੱਚ ਸੰਜੋਏ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਭਗਤ ਸ਼ਾਮਲ ਹੋਣਗੇ। ਸਤਿਗੁਰੂ ਦੇ ਦੈਵੀ ਦਰਸ਼ਨ ਤੇ ਪਾਵਨ ਪ੍ਰਵਚਨਾਂ ਤੋਂ ਸ਼ਰਧਾਲੂ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਹੋਏ ਆਪਣੇ ਜੀਵਨ ਵਿੱਚ ਪ੍ਰੇਮ, ਸੇਵਾ, ਕਰੁਣਾ ਤੇ ਮਾਨਵਤਾ ਦੇ ਭਾਵ ਨੂੰ ਅਪਣਾਉਣ ਦੀ ਪ੍ਰੇਰਨਾ ਪ੍ਰਾਪਤ ਕਰਨਗੇ। ਸਮਾਗਮ ਦੀਆਂ ਸੇਵਾਵਾਂ ਦਾ ਸ਼ੁਭ ਆਰੰਭ ਅੱਜ ਸ਼ਰਧਾ, ਸਮਰਪਣ ਅਤੇ ਸੇਵਾ-ਭਾਵ ਨਾਲ ਭਰਪੂਰ ਵਾਤਾਵਰਣ ਵਿੱਚ ਹੋਇਆ। ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਾਵਨ ਕਰ-ਕਮਲਾਂ ਨਾਲ ਸੇਵਾ ਸਥਾਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮਿਸ਼ਨ ਦੀ ਕਾਰਜਕਾਰਨੀ ਕਮੇਟੀ, ਕੇਂਦਰੀ ਸੇਵਾਦਲ ਦੇ ਅਧਿਕਾਰੀਆਂ ਤੇ ਹਜ਼ਾਰਾਂ ਸ਼ਰਧਾਲੂ ਭਗਤਾਂ ਨੇ ਪ੍ਰੇਮ ਤੇ ਨਿਸ਼ਠਾ ਨਾਲ ਸੇਵਾ ਵਿੱਚ ਯੋਗਦਾਨ ਪਾਇਆ। ਸੰਤ ਨਿਰੰਕਾਰੀ ਮੰਡਲ ਦੀ ਪ੍ਰਧਾਨ ਸਤਿਕਾਰਯੋਗ ਰਾਜਕੁਮਾਰੀ ਜੀ ਤੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸਤਿਕਾਰਯੋਗ ਜੋਗਿੰਦਰ ਸੁਖੀਜਾ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿਰੰਕਾਰੀ ਰਾਜਪਿਤਾ ਜੀ ਦਾ ਨਿੱਘਾ ਸਵਾਗਤ ਕੀਤਾ।
79ਵੇਂ ਸਮਾਗਮ ਦੀਆਂ ਸੇਵਾਵਾਂ ਦੇ ਸ਼ੁਭ ਆਰੰਭ ਸਮਾਗਮ 'ਤੇ ਹਾਜ਼ਰ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਨਿਰੰਕਾਰੀ ਰਾਜਪਿਤਾ ਜੀ ਨੇ ਸਤਿਗੁਰੂ ਮਾਤਾ ਜੀ ਦਾ ਪ੍ਰੇਮ ਤੇ ਅਸ਼ੀਰਵਾਦਾਂ ਨੂੰ ਸੰਤਾਂ ਤੱਕ ਪਹੁੰਚਾਉਂਦਿਆਂ ਫਰਮਾਇਆ ਕਿ ਸੰਤ ਸਮਾਗਮ ਦੀਆਂ ਸੇਵਾਵਾਂ ਦਾ ਇਹ ਵਿਸ਼ਾਲ ਸਰੂਪ ਅਣਗਿਣਤ ਸੰਤਾਂ ਦੀ ਨਿਸ਼ਕਾਮ ਸੇਵਾ, ਕੁਰਬਾਨੀ ਤੇ ਸਮਰਪਣ ਦਾ ਨਤੀਜਾ ਹੈ। ਇਹ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਸਾਡੇ ਜੀਵਨ ਵਿੱਚ ਵੀ ਸੇਵਾ ਤੇ ਪਰਉਪਕਾਰ ਦਾ ਭਾਵ ਆਵੇ। ਮਨੁੱਖੀ ਸਰੀਰ ਕੇਵਲ ਆਪਣੇ ਲਈ ਨਹੀਂ, ਸਗੋਂ ਦੂਜਿਆਂ ਦੇ ਸੁੱਖ-ਦੁੱਖ ਵਿੱਚ ਭਾਈਵਾਲ ਬਣਨ ਲਈ ਮਿਲਿਆ ਹੈ। ਸੇਵਾ ਵਿੱਚ ਜਦੋਂ ‘ਮੈਂ’ ਦਾ ਭਾਵ ਖ਼ਤਮ ਹੋ ਕੇ ‘ਅਸੀਂ’ ਦਾ ਭਾਵ ਆਉਂਦਾ ਹੈ, ਉਦੋਂ ਹੀ ਉਸ ਦਾ ਅਸਲ ਅਰਥ ਪ੍ਰਗਟ ਹੁੰਦਾ ਹੈ। ਸਤਿਗੁਰੂ ਦਾ ਗਿਆਨ ਹੀ ਉਹ ਜਾਗਰੂਕਤਾ ਹੈ, ਜੋ ਸਾਡੀ ਦ੍ਰਿਸ਼ਟੀ ਬਦਲ ਕੇ ਹਰ ਮਨੁੱਖ ਵਿੱਚ ਨਿਰੰਕਾਰ ਦਾ ਰੂਪ ਦੇਖਣ ਦੀ ਪ੍ਰੇਰਨਾ ਦਿੰਦੀ ਹੈ। ਜਦੋਂ ਮਨੁੱਖ, ਮਨੁੱਖ ਨਾਲ ਪ੍ਰੇਮ ਤੇ ਸਤਿਕਾਰ ਕਰੇਗਾ, ਤਾਂ ਇਹ ਧਰਤੀ ਹੋਰ ਵੀ ਸੁੰਦਰ ਬਣੇਗੀ। ਸਤਿਗੁਰੂ ਅੱਗੇ ਇਹੋ ਅਰਦਾਸ ਹੈ ਕਿ ਅਸੀਂ ਮਨੁੱਖੀ ਰੂਪ ਵਿੱਚ ਹੀ ਨਹੀਂ, ਸਗੋਂ ਆਪਣੇ ਕਰਮਾਂ ਤੇ ਵਿਵਹਾਰ ਤੋਂ ਵੀ ਸੱਚੇ ਮਨੁੱਖ ਬਣ ਸਕੀਏ।