ਬਸਰਾ ਪੈਲੇਸ ’ਚ ਪੰਜ ਰੋਜ਼ਾ ਸ਼੍ਰੀ ਕ੍ਰਿਸ਼ਨ ਕਥਾ ਦਾ ਸ਼ੁਭ ਆਰੰਭ ਬਸਰਾ ਪੈਲੇਸ ਵਿੱਚ ਪੰਜ ਰੋਜ਼ਾ ਸ੍ਰੀ ਕ੍ਰਿਸ਼ਨ ਕਥਾ ਦਾ ਸ਼ੁਭ ਆਰੰਭ
Publish Date: Wed, 30 Sep 2026 06:44 PM (IST)
Updated Date: Wed, 30 Sep 2026 06:45 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸਥਾਨਕ ਬਸਰਾ ਪੈਲੇਸ, ਬੰਗਾ ਰੋਡ, ਫਗਵਾੜਾ ’ਚ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਪੰਜ ਰੋਜ਼ਾ ਸ਼੍ਰੀ ਕ੍ਰਿਸ਼ਨ ਕਥਾ ਕਰਵਾਈ ਜਾ ਰਹੀ ਹੈ। ਇਹ ਕਥਾ 29 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ। ਕਥਾ ਦੇ ਪਹਿਲੇ ਦਿਨ ਸਾਧਵੀ ਸੁਸ਼੍ਰੀ ਤ੍ਰਿਪਦਾ ਭਾਰਤੀ ਜੀ ਨੇ ਪ੍ਰਭੂ ਦੀ ਕਥਾ ਨੂੰ ਬੇਹੱਦ ਮਾਰਮਿਕ ਅਤੇ ਭਾਵਪੂਰਨ ਢੰਗ ਨਾਲ ਪੇਸ਼ ਕਰਦਿਆਂ ਭਗਤ ਚੋਖਾਮੇਲਾ ਦੀ ਗਾਥਾ ਸੰਗਤ ਦੇ ਸਾਹਮਣੇ ਰੱਖੀ। ਉਨ੍ਹਾਂ ਕਿਹਾ ਕਿ ਪ੍ਰਭੂ ਦੀ ਕਥਾ ਸਾਡੇ ਜੀਵਨ ਵਿੱਚ ਉਤਕਰਸ਼ ਭਰਨ ਵਾਲੀ ਹੈ। ਕਥਾ ਸਿਰਫ਼ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਨੂੰ ਸੁਣ ਲੈਣਾ ਜਾਂ ਸੁਣਾ ਦੇਣਾ ਨਹੀਂ, ਸਗੋਂ ਇਹ ਸਾਨੂੰ ਜੀਵਨ ਜਿਊਣ ਦੀ ਕਲਾ ਸਿਖਾਉਂਦੀ ਹੈ। ਸੰਤ-ਮਹਾਂਪੁਰਖਾਂ ਅਨੁਸਾਰ ਉਹ ਵਿਅਕਤੀ ਭਾਗਾਂ ਵਾਲਾ ਹੁੰਦਾ ਹੈ, ਜਿਸ ਨੂੰ ਸੰਤਾਂ ਦੀ ਸ਼ਰਨ ਵਿੱਚ ਜਾ ਕੇ ਪ੍ਰਭੂ ਦੀ ਪਾਵਨ ਕਥਾ ਸੁਣਨ ਦਾ ਮੌਕਾ ਪ੍ਰਾਪਤ ਹੁੰਦਾ ਹੈ। ਸਾਧਵੀ ਜੀ ਨੇ ਕਿਹਾ ਕਿ ਮਨੁੱਖ ਭਾਵੇਂ ਕਿੰਨਾ ਵੀ ਧਨ ਕਮਾ ਲਵੇ ਅਤੇ ਕਿੰਨੀਆਂ ਵੀ ਉਪਲਬਧੀਆਂ ਹਾਸਲ ਕਰ ਲਵੇ, ਪਰ ਅਸਲ ਆਨੰਦ ਕੇਵਲ ਪ੍ਰਭੂ ਦੀ ਭਗਤੀ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਭਗਤੀ ਦੀ ਪ੍ਰਾਪਤੀ ਆਧਿਆਤਮਿਕ ਪੂਰਨ ਸਤਿਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੈ। ਸਮਾਜਿਕ ਹਾਲਾਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਵਿੱਚ ਚਾਰੋਂ ਪਾਸੇ ਅਸ਼ਾਂਤੀ, ਹਿੰਸਾ ਅਤੇ ਅਸੱਤ ਨਜ਼ਰ ਆ ਰਿਹਾ ਹੈ। ਸਮਾਜ ਨਿਰੰਤਰ ਪਤਨ ਵੱਲ ਵੱਧ ਰਿਹਾ ਹੈ। ਅਜਿਹੇ ਮਾਹੌਲ ਵਿੱਚ ਪ੍ਰੇਮ ਅਤੇ ਭਾਈਚਾਰੇ ਦਾ ਸੁਪਨਾ ਸਾਕਾਰ ਕਰਨਾ ਮੁਸ਼ਕਲ ਪ੍ਰਤੀਤ ਹੁੰਦਾ ਹੈ, ਪਰ ਆਧਿਆਤਮਿਕ ਧਰਾਤਲ ’ਤੇ ਇਸ ਦਿਵਯ ਸੁਪਨੇ ਨੂੰ ਸਾਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਧੂ-ਧੂ ਕਰਕੇ ਸੜ ਰਹੇ ਵਿਸ਼ਵ ਨੂੰ ਜੇਕਰ ਕੋਈ ਸ਼ਾਂਤ ਕਰ ਸਕਦਾ ਹੈ ਤਾਂ ਉਹ ਬ੍ਰਹਮਗਿਆਨ ਹੈ। ਇਸੇ ਰਾਹੀਂ ਮਨੁੱਖ ਵਿੱਚ ਕ੍ਰਾਂਤੀ ਅਤੇ ਵਿਸ਼ਵ ਵਿੱਚ ਸ਼ਾਂਤੀ ਸੰਭਵ ਹੈ। ਉਨ੍ਹਾਂ ਸਾਰਿਆਂ ਨੂੰ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਦਾ ਆਹਵਾਨ ਕੀਤਾ। ਕਥਾ ਦੌਰਾਨ ਸਾਧਵੀ ਜੀ ਅਤੇ ਸਾਧਵੀ ਵ੍ਰਿੰਦ ਵੱਲੋਂ ਸੁਮਧੁਰ ਭਜਨਾਂ ਦਾ ਗਾਇਨ ਵੀ ਕੀਤਾ ਗਿਆ, ਜਿਸ ਨਾਲ ਪੂਰਾ ਵਾਤਾਵਰਣ ਭਗਤੀਮਈ ਹੋ ਗਿਆ। ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਨਾਲ ਹੋਇਆ। ਇਸ ਭਵਿਆ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨਾਂ ਵਜੋਂ ਸਤਪਾਲ ਸੇਠੀ, ਅਸ਼ੋਕ ਸੇਠੀ, ਮੋਹਿੰਦਰ ਸੇਠੀ, ਸੰਜੀਵ ਕੁਮਾਰ ਘਈ, ਅਸ਼ੋਕ ਕੋੜਾ ਅਤੇ ਇੰਦਰਜੀਤ ਕਰਵਲ ਹਾਜ਼ਰ ਰਹੇ। ਕਥਾ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਪ੍ਰਭੂ ਦੀ ਪਾਵਨ ਕਥਾ ਦਾ ਸ਼੍ਰਵਣ ਕੀਤਾ ਅਤੇ ਆਧਿਆਤਮਿਕ ਲਾਭ ਪ੍ਰਾਪਤ ਕੀਤਾ।