‘ਆਓ ਪੁੰਨ ਕਮਾਈਏ’ ਮੁਹਿੰਮ ਤਹਿਤ ਲੋੜਵੰਦਾਂ ਦੀ ਮਦਦ ਦਾ ਉਪਰਾਲਾ ਜਾਰੀ ‘ਆਓ ਪੁੰਨ ਕਮਾਈਏ’ ਮੁਹਿੰਮ ਤਹਿਤ ਲੋੜਵੰਦਾਂ ਦੀ ਮੱਦਦ ਦਾ ਉਪਰਾਲਾ ਜਾਰੀ
Publish Date: Thu, 29 Oct 2026 09:08 PM (IST)
Updated Date: Thu, 29 Oct 2026 09:10 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਚਲਾਈ ਜਾ ਰਹੀ ‘ਆਓ ਪੁੰਨ ਕਮਾਈਏ’ ਮੁਹਿੰਮ ਤਹਿਤ ਇੱਕ ਹੋਰ ਬਜ਼ੁਰਗ ਮਾਤਾ ਦੀ ਅੱਖ ਦਾ ਮੁਫ਼ਤ ਆਪ੍ਰੇਸ਼ਨ ਕਰਵਾਇਆ ਗਿਆ। ਚਿੱਟੇ ਮੋਤੀਏ ਤੋਂ ਪੀੜਤ ਮਾਤਾ ਗੁਰਵਿੰਦਰ ਕੌਰ ਦਾ ਆਪ੍ਰੇਸ਼ਨ ਪ੍ਰਸਿੱਧ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਆਰਥਿਕ ਸਹਿਯੋਗ ਸਦਕਾ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਵੱਲੋਂ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸੰਖੇਪ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੌਂਸਲਰ ਪ੍ਰਿਤਪਾਲ ਕੌਰ ਤੁਲੀ, ਸਰਪੰਚ ਵਰੁਣ ਬੰਗੜ ਚੱਕ ਹਕੀਮ ਤੇ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਉਦੋਂ ਹੁੰਦੀ ਹੈ, ਜਦੋਂ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਅਤੇ ਸਿਹਤ ਸੇਵਾਵਾਂ ਦਾ ਲਾਭ ਮਿਲੇ। ਬਜ਼ੁਰਗ ਸਾਡੇ ਪਰਿਵਾਰਾਂ ਤੇ ਸਮਾਜ ਦੀ ਅਨਮੋਲ ਵਿਰਾਸਤ ਹਨ। ਆਰਥਿਕ ਤੰਗੀ ਕਾਰਨ ਕਿਸੇ ਵੀ ਲੋੜਵੰਦ ਨੂੰ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਅਜਿਹੇ ਕਾਰਜ ਲੋੜਵੰਦਾਂ ਦੇ ਜੀਵਨ ਵਿੱਚ ਨਵੀਂ ਉਮੀਦ ਜਗਾਉਣ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਵੀ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਕੌਂਸਲਰ ਪ੍ਰਿਤਪਾਲ ਕੌਰ ਤੁਲੀ ਨੇ ਕਿਹਾ ਕਿ ਕਿਸੇ ਲੋੜਵੰਦ ਦੀ ਮਦਦ ਕਰਕੇ ਉਸ ਦੇ ਚਿਹਰੇ ’ਤੇ ਖੁਸ਼ੀ ਲਿਆਉਣਾ ਹੀ ਸੱਚੀ ਸੇਵਾ ਹੈ। ਸਰਬ ਨੌਜਵਾਨ ਸਭਾ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਸਹਾਇਤਾ ਕਰਨਾ ਪ੍ਰੇਰਨਾਦਾਇਕ ਉਪਰਾਲਾ ਹੈ। ਅਜਿਹੇ ਕਾਰਜ ਸਮਾਜ ਵਿੱਚ ਆਪਸੀ ਸਾਂਝ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਭਾ ਦੇ ਮੈਂਬਰਾਂ ਅਤੇ ਸਹਿਯੋਗੀਆਂ ਦੀ ਸ਼ਲਾਘਾ ਕਰਦਿਆਂ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣ ਦੀ ਕਾਮਨਾ ਕੀਤੀ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ‘ਆਓ ਪੁੰਨ ਕਮਾਈਏ’ ਮੁਹਿੰਮ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਅੱਖਾਂ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਇਸ ਨੇਕ ਕਾਰਜ ਲਈ ਆਰਥਿਕ ਸਹਿਯੋਗ ਦੇਣ ਲਈ ਜਤਿੰਦਰ ਸਿੰਘ ਕੁੰਦੀ ਤੇ ਮਾਤਾ ਦਾ ਆਪ੍ਰੇਸ਼ਨ ਕਰਨ ਲਈ ਡਾ. ਤੁਸ਼ਾਰ ਅਗਰਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਭਾ ਭਵਿੱਖ ਵਿੱਚ ਵੀ ਸਮਾਜ ਦੇ ਲੋੜਵੰਦ ਵਰਗਾਂ ਦੀ ਸਹਾਇਤਾ ਲਈ ਅਜਿਹੇ ਉਪਰਾਲੇ ਜਾਰੀ ਰੱਖੇਗੀ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਰਵਿੰਦਰ ਸਿੰਘ ਰਾਏ, ਰਣਜੀਤ ਸਿੰਘ ਬੇਦੀ, ਪਰਮਜੀਤ ਰਾਏ, ਜਗਜੀਤ ਸੇਠ, ਅਮਨ ਪਲਾਹੀ, ਗੁਲਸ਼ਨ ਕਪੂਰ, ਗੋਰਾ ਹਰਦਾਸਪੁਰ, ਗਗਨ ਭੱਟੀ, ਰਾਕੇਸ਼ ਕੇਸ਼ੀ ਗੰਡਵਾਂ, ਨਰਿੰਦਰ ਸਿੰਘ ਸੈਣੀ, ਗੁਰਦੀਪ ਸਿੰਘ ਤੁੱਲੀ, ਬਖਸ਼ਿਸ਼ ਸਿੰਘ ਅਤੇ ਸੁਰਜੀਤ ਸਿੰਘ ਬਾਹੜਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਜ਼ਿਲ੍ਹਾ ਪ੍ਰਧਾਨ ਬਣਨ ’ਤੇ ਦਲਜੀਤ ਰਾਜੂ ਦਾ ਕੀਤਾ ਸਨਮਾਨ ਇਸ ਮੌਕੇ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਭਾ ਦੇ ਮੈਂਬਰਾਂ ਵੱਲੋਂ ਦਲਜੀਤ ਰਾਜੂ ਦਰਵੇਸ਼ ਪਿੰਡ ਨੂੰ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ ਗਈ। ਉਨ੍ਹਾਂ ਨੂੰ ਸਨਮਾਨ ਚਿੰਨ੍ਹ ਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਦਲਜੀਤ ਰਾਜੂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਲੋਕਾਂ ਦੀ ਭਲਾਈ ਲਈ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਅੱਖਾਂ ਦੀ ਸਮੇਂ ਸਿਰ ਜਾਂਚ ਕਰਵਾਉਣ ਦੀ ਅਪੀਲ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਨੇ ਕਿਹਾ ਕਿ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ। ਉਮਰ ਵਧਣ ਨਾਲ ਅੱਖਾਂ ਦੀਆਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਪਰ ਸਮੇਂ ਸਿਰ ਜਾਂਚ ਅਤੇ ਢੁੱਕਵੇਂ ਇਲਾਜ ਨਾਲ ਨਜ਼ਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਵਿੱਚ ਧੁੰਦਲਾਪਣ ਜਾਂ ਕੋਈ ਹੋਰ ਸਮੱਸਿਆ ਹੋਣ ’ਤੇ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਨ ਅਤੇ ਨਿਯਮਿਤ ਜਾਂਚ ਕਰਵਾਉਣ।