ਨਾਕੇਬੰਦੀ ਦੌਰਾਨ ਪੁਲਿਸ ਪਾਰਟੀ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਨਾਕੇਬੰਦੀ ਦੌਰਾਨ ਪੁਲਿਸ ਪਾਰਟੀ ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼
Publish Date: Fri, 21 Aug 2026 09:48 PM (IST)
Updated Date: Fri, 21 Aug 2026 09:51 PM (IST)
ਗੱਡੀ ਸਮੇਤ 1 ਨੌਜਵਾਨ ਕਾਬੂ, 3 ਦੋਸ਼ੀਆਂ ਦੀ ਭਾਲ ਜਾਰੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਲਿਸ ਪਾਰਟੀ ਕਾਸੋ ਆਪਰੇਸ਼ਨ ਤੇ ਨਾਕਾਬੰਦੀ ਤਹਿਤ ਬੱਸ ਸਾਡਾ ਪਿੰਡ ਤੋਤੀ ਵਿਖੇ ਮੌਜੂਦ ਸੀ ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਵਿਅਕਤੀਆਂ ਵੱਲੋਂ ਪੁਲਿਸ ਮੁਲਾਜ਼ਮਾਂ ’ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਬਾਅਦ ’ਚ ਗੱਡੀ ਭਜਾ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਥਾਣਾ ਸੁਲਤਾਨਪੁਰ ਲੋਧੀ ਦਵਿੰਦਰ ਪਾਲ ਨੇ ਦੱਸਿਆ ਕਿ ਬੱਸ ਅੱਡਾ ਪਿੰਡ ਤੋਤੀ ਵਿਖੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤੇ ਸ਼ਾਮ 7 ਵਜੇ ਦੇ ਕਰੀਬ ਇੱਕ ਸਵਿਫਟ ਕਾਰ ਚਿੱਟਾ ਰੰਗ ਪੀਬੀ 10 ਡੀਐੱਚ 3022 ਜਿਸ ਵਿੱਚ ਚਾਰ ਵਿਅਕਤੀ ਸਵਾਰ ਸਨ, ਡਡਵਿੰਡੀ ਤੋਂ ਆਈ, ਜਿਸ ਨੂੰ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਤੇ ਉਸ ਵਿੱਚ ਸਵਾਰ ਵਿਅਕਤੀਆਂ ਨੇ ਕਾਰ ਬੜੀ ਤੇਜ਼ ਰਫਤਾਰੀ ਨਾਲ ਉਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਉੱਪਰ ਚੜਾ ਦਿੱਤੀ। ਉਨ੍ਹਾਂ ਦੱਸਿਆ ਕਿ ਮੈਂ ਇੱਕ ਸਾਈਡ ’ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਤਾਂ ਮੇਰੇ ਨਾਲ ਮੇਰੇ ਸਾਥੀ ਸੀਨੀਅਰ ਸਿਪਾਹੀ ਵਿਨੋਦ ਕੁਮਾਰ, ਸਿਪਾਹੀ ਮਨਪ੍ਰੀਤ ਸਿੰਘ, ਸਿਪਾਹੀ ਮਨੀਸ਼ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਸਵਾਰਾਂ ਨੇ ਕਾਰ ਉਨ੍ਹਾਂ ਉੱਪਰ ਵੀ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਨੂੰ ਕੱਟ ਮਾਰ ਕੇ ਡਡਵਿੰਡੀ ਸਾਈਡ ਭਜਾ ਕੇ ਲੈ ਗਿਆ। ਇਸ ਸਬੰਧੀ ਕੰਟਰੋਲ ਰੂਮ ਤੇ ਜ਼ਿਲ੍ਹੇ ਦੀਆਂ ਸਾਰੀਆਂ ਨਾਕਾਬੰਦੀ ਪੈਟਰੋਲਿੰਗ ਪਾਰਟੀਆਂ ਨੂੰ ਅਲਰਟ ਕੀਤਾ ਗਿਆ। ਸ਼ਾਮ 7.40 ਵਜੇ ਸਿਪਾਹੀ ਮਨਪ੍ਰੀਤ ਸਿੰਘ ਨੇ ਇਤਲਾਹ ਦਿੱਤੀ ਕਿ ਉਨ੍ਹਾਂ ਗੱਡੀ ਦਾ ਪਿੱਛਾ ਕਰਦੇ ਸਮੇਂ ਗੱਡੀ ਨੂੰ ਪਿੰਡ ਸਿੱਧਪੁਰ ਥਾਣਾ ਸਦਰ ਕਪੂਰਥਲਾ ਦੇ ਨਜ਼ਦੀਕ ਤੋਂ ਕਾਬੂ ਕਰ ਲਿਆ ਹੈ। ਉਨ੍ਹਾਂ ਨੇ ਗੱਡੀ ਸਮੇਤ ਇੱਕ ਵਿਅਕਤੀ ਵਿਸ਼ਾਲ ਪੁੱਤਰ ਬਲਵਿੰਦਰ ਵਾਸੀ ਸੁੰਦਰ ਨਗਰ ਕਪੂਰਥਲਾ ਨੂੰ ਕਾਬੂ ਕਰ ਲਿਆ ਤੇ ਬਾਕੀ ਦੇ 3 ਵਿਅਕਤੀ ਮੌਕੇ ਤੋਂ ਭੱਜ ਗਏ ਹਨ। ਕਾਬੂ ਕੀਤੇ ਵਿਸ਼ਾਲ ਨੇ ਭੱਜੇ ਵਿਅਕਤੀਆਂ ਦੇ ਨਾਮ ਕਾਕੜਾ ਪੁੱਤਰ ਮੋਹਣ, ਕਬੀਰ ਪੁੱਤਰ ਸਾਇਆ ਤੇ ਮਨੀਸ਼ ਪੁੱਤਰ ਤੋਕੀ ਵਾਸੀ ਸੁੰਦਰ ਨਗਰ ਕਪੂਰਥਲਾ ਦੱਸਿਆ। ਉਨ੍ਹਾਂ ਦੱਸਿਆ ਕਿ ਗੱਡੀ ਕਬੀਰ ਪੁੱਤਰ ਸਾਇਆ ਚਲਾ ਰਿਹਾ ਸੀ। ਇਸੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਬੀਐੱਨਐੱਸ ਤਹਿਤ ਦਰਜ ਕੀਤਾ ਗਿਆ ਹੈ।