ਪੱਤਰਕਾਰ ’ਤੇ ਹਮਲਾ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ: ਭੁੱਲਰ ਪੱਤਰਕਾਰ ਬਿਕਰਮਪਾਲ ਸਿੰਘ ਵਿੱਕੀ ’ਤੇ ਹਮਲਾ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ: ਭੁੱਲਰ
Publish Date: Fri, 16 Oct 2026 09:07 PM (IST)
Updated Date: Fri, 16 Oct 2026 09:09 PM (IST)
ਪੱਤਰਕਾਰ ਭਾਈਚਾਰੇ ਦੇ ਸੰਘਰਸ਼ ’ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇਗੀ ਨੰਬਰਦਾਰ ਯੂਨੀਅਨ ਸਰਕਾਰ ਤੇ ਪ੍ਰਸ਼ਾਸਨ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਪੰਜਾਬੀ ਜਾਗਰਣ ਪ੍ਰਤੀਨਿਧ ਸੁਲਤਾਨਪੁਰ ਲੋਧੀ : ਨੰਬਰਦਾਰ ਯੂਨੀਅਨ ਸਮਰਾ ਗਰੁੱਪ 643 ਰਜਿਸਟਰਡ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਤੇ ਸਮੂਹ ਨੰਬਰਦਾਰ ਯੂਨੀਅਨ ਨੇ ਪੰਜਾਬ ਬੰਦ ਦੌਰਾਨ ਆਪਣੀ ਪੱਤਰਕਾਰੀ ਦੀ ਜ਼ਿੰਮੇਵਾਰੀ ਨਿਭਾ ਰਹੇ ਪੱਤਰਕਾਰ ਨਾਲ ਹੋਈ ਕਥਿਤ ਹੱਥੋਪਾਈ ਅਤੇ ਬਦਸਲੂਕੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਤੇ ਪ੍ਰੈੱਸ ਦੀ ਆਜ਼ਾਦੀ ’ਤੇ ਗੰਭੀਰ ਹਮਲਾ ਕਰਾਰ ਦਿੱਤਾ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ੍ਹ ਹਨ, ਜੋ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਤੇ ਪ੍ਰਸ਼ਾਸਨ ਤੱਕ ਜਨਤਾ ਦੀਆਂ ਸਮੱਸਿਆਵਾਂ ਪਹੁੰਚਾਉਂਦੇ ਹਨ। ਜੇਕਰ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਣ ਲੱਗ ਪਵੇ ਤੇ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਿਆ ਜਾਵੇ ਤਾਂ ਇਹ ਬੇਹੱਦ ਚਿੰਤਾਜਨਕ ਸਥਿਤੀ ਹੈ। ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੱਤਰਕਾਰਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀਆਂ ਹਨ, ਸਗੋਂ ਲੋਕਤੰਤਰ ਦੀ ਮਜ਼ਬੂਤੀ ਲਈ ਵੀ ਖ਼ਤਰੇ ਦੀ ਘੰਟੀ ਹਨ। ਬਲਾਕ ਪ੍ਰਧਾਨ ਭੁੱਲਰ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੱਤਰਕਾਰਾਂ ਨੂੰ ਨਿਰਪੱਖ ਤੇ ਨਿਡਰ ਹੋ ਕੇ ਕੰਮ ਕਰਨ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ। ਜੇਕਰ ਪੱਤਰਕਾਰਾਂ ਨਾਲ ਕਥਿਤ ਧੱਕੇਸ਼ਾਹੀ ਕਰਨ ਵਾਲੇ ਲੋਕਾਂ ਵਿਰੁੱਧ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਜਾਵੇ ਤਾਂ ਇਸ ਨਾਲ ਅਜਿਹੇ ਅਨਸਰਾਂ ਦੇ ਹੌਸਲੇ ਵਧਣ ਦਾ ਖ਼ਦਸ਼ਾ ਪੈਦਾ ਹੁੰਦਾ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਪੱਤਰਕਾਰ ਨੂੰ ਸੱਚਾਈ ਸਾਹਮਣੇ ਲਿਆਉਣ ਜਾਂ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੀ ਕੀਮਤ ਨਾ ਚੁਕਾਉਣੀ ਪਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਆਲੋਚਨਾ ਤੇ ਸਵਾਲ ਪੁੱਛਣ ਦਾ ਅਧਿਕਾਰ ਬੇਹੱਦ ਅਹਿਮ ਹੈ। ਪੱਤਰਕਾਰਾਂ ਨੂੰ ਡਰਾਉਣ, ਦਬਾਉਣ ਜਾਂ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜੇਕਰ ਮੀਡੀਆ ਦੀ ਆਜ਼ਾਦੀ ’ਤੇ ਹਮਲੇ ਹੁੰਦੇ ਹਨ ਤਾਂ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਜਾਣਕਾਰੀ ਪ੍ਰਾਪਤ ਕਰਨ ਦੇ ਅਧਿਕਾਰ ’ਤੇ ਵੀ ਪੈਂਦਾ ਹੈ। ਨੰਬਰਦਾਰ ਯੂਨੀਅਨ ਨੇ ਸਪੱਸ਼ਟ ਕੀਤਾ ਕਿ ਯੂਨੀਅਨ ਪੱਤਰਕਾਰ ਭਾਈਚਾਰੇ ਦੇ ਨਾਲ ਡਟ ਕੇ ਖੜ੍ਹੀ ਹੈ। ਪੱਤਰਕਾਰ ਜਥੇਬੰਦੀਆਂ ਵੱਲੋਂ ਇਸ ਮਾਮਲੇ ਵਿੱਚ ਜੋ ਵੀ ਜਾਇਜ਼ ਤੇ ਲੋਕਤੰਤਰੀ ਫ਼ੈਸਲਾ ਲਿਆ ਜਾਵੇਗਾ, ਯੂਨੀਅਨ ਉਸ ਦਾ ਪੂਰਾ ਸਮਰਥਨ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਤੇ ਭਵਿੱਖ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਮੰਗਲ ਸਿੰਘ ਭੱਟੀ, ਰੇਸ਼ਮ ਸਿੰਘ ਬਿਧੀਪੁਰ, ਕੁਲਦੀਪ ਸਿੰਘ ਸਾਗਰਾ, ਨਿਰੰਜਨ ਸਿੰਘ, ਕਾਲੂ ਭਾਟੀਆ, ਤੀਰਥ ਪਹਿਲਵਾਨ ਨੰਬਰਦਾਰ, ਭਜਨ ਸਿੰਘ ਭਾਗੋ ਰਾਏ, ਮਲਕੀਤ ਸਿੰਘ ਮਹਾਬਲੀਪੁਰ, ਸੁਖਦੇਵ ਸਿੰਘ ਸੁਚੇਤਗੜ੍ਹ, ਅਮਰਜੀਤ ਸਿੰਘ ਫੌਜੀ ਕਲੋਨੀ, ਹਰਜੀਤ ਸਿੰਘ ਬੂਸੋਵਾਲ, ਜਰਨੈਲ ਸਿੰਘ, ਸੁਖਜਿੰਦਰ ਸਿੰਘ ਕਬੀਰਪੁਰ, ਵਿਜੇ ਕੁਮਾਰ, ਸੰਤੋਖ ਕੁਮਾਰ ਭਾਗੋ ਬੁੱਢਾ, ਗੁਰਪ੍ਰੀਤ ਸਿੰਘ ਮੰਗੂਪੁਰ, ਮੁਖਤਿਆਰ ਸਿੰਘ ਬਾਊਪੁਰ, ਸੰਤੋਖ ਸਿੰਘ ਕਬੀਰਪੁਰ, ਜੋਗਿੰਦਰ ਸਿੰਘ ਬੂਸੋਵਾਲ, ਗੁਰਪ੍ਰੀਤ ਸਿੰਘ ਚੱਕ ਪੱਤੀ, ਸਤਨਾਮ ਸਿੰਘ ਸਰੂਪਵਾਲ ਤੇ ਸਰਬਜੀਤ ਸਿੰਘ ਸਰੂਪਵਾਲ ਸਮੇਤ ਹੋਰ ਨੰਬਰਦਾਰ ਵੀ ਹਾਜ਼ਰ ਸਨ। ਅੰਤ ਵਿੱਚ ਸਾਹਿਬ ਸਿੰਘ ਭੁੱਲਰ ਤੇ ਸਮੂਹ ਨੰਬਰਦਾਰ ਯੂਨੀਅਨ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਦੀ ਰਾਖੀ ਕਰਨਾ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਦੀ ਸੁਰੱਖਿਆ ਤੇ ਸਨਮਾਨ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਕਿਉਂਕਿ ਮਜ਼ਬੂਤ ਤੇ ਆਜ਼ਾਦ ਮੀਡੀਆ ਹੀ ਲੋਕਤੰਤਰ ਦੀ ਅਸਲ ਤਾਕਤ ਹੈ।